ਨੌਕਰ ਤਸ਼ਤਰੀ ਹੱਥ ਵਿਚ ਲਈ ਚੁੱਪ ਚਾਪ ਖੜਾ ਸੀ। ਵੀਰੇਂਦਰ ਦੀ ਡੂੰਘੀ ਸੋਚ ਨੇ ਓਸ ਨੂੰ ਕੁਛ ਹੈਰਾਨ ਕਰ ਦਿਤਾ। ਓਹ ਇਕ ਦੋ ਵਾਰ ਹੌਲੀ ਜਹੀ ਖੰਘਿਆ, ਪਰ ਵੀਰੇਂਦਰ ਨੇ ਕੁਛ ਖਿਆਲ ਨਾ ਕੀਤਾ ਅਤੇ ਉਸ ਨੇ ਹੌਲੀ ਜਿਹੀ ਕਿਹਾ-"ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"
ਵੀਰੇਂਦਰ ਨੂੰ ਬਹੁਤਾ ਸੋਚਣ ਤੇ ਕੁਛ ਨਫਰਤ ਤੇ ਗੁੱਸਾ ਸੀ। ਜਿਸ ਚੀਜ਼ ਵਾਸਤੇ ਮੁੱਦਤਾਂ ਤੋਂ ਕੋਸ਼ਸ਼ ਵਿਚ ਰਿਹਾ, ਜਦੋਂ ਓਹ ਮਿਲ ਰਹੀ ਹੈ, ਤਾਂ ਓਸ ਨੂੰ ਲੈਣ ਦੀ ਹਿੰਮਤ ਨਹੀਂ। ਹੁਣ ਉਸ ਨੂੰ ਪਤਾ ਲਗਾ ਕਿ ਓਸ ਦਾ ਜੀਵਨ ਕਿਡਾ ਵੱਡਾ ਫਰੇਬ ਹੈ ਤੇ ਓਹ ਕਿਵੇਂ ਹੁਣ ਤਕ ਆਪਣੇ ਆਪ ਨੂੰ ਧੋਖਾ ਦੇਂਦਾ ਰਿਹਾ ਹੈ। ਓਸ ਨੂੰ ਆਪਣੀ ਨਿਰਾਸਤਾ ਵਾਸਤੇ ਇਕ ਬਹਾਨੇ ਦੀ ਲੋੜ ਸੀ। ਹੁਣ ਓਸ ਵਿਚ ਏਨੀ ਹਿੰਮਤ ਨਹੀਂ ਸੀ ਕਿ ਨਲਨੀ ਨੂੰ ਪ੍ਰਵਾਨ ਕਰ ਕੇ ਆਪਣੇ ਜੀਵਨ ਨੂੰ ਬਦਲ ਦੇਵੇ।
ਨੌਕਰ ਨੇ ਫੇਰ ਕਿਹਾ- “ਹਜ਼ੂਰ ਬਾਹਰ ਇਕ ਤੀਵੀਂ ਖੜੀ ਹੈ।"
ਵੀਰੇਂਦਰ ਨੇ ਮੁਲਾਕਾਤੀ ਕਾਰਡ ਤਸ਼ਤਰੀ ਵਿਚ ਰਖ ਦਿਤਾ ਤੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਵੇਖਣ ਲਗ ਪਿਆ| ਕੰਘੀ ਨੂੰ ਵਾਲਾਂ ਵਿਚ ਫੇਰਦਾ ਹੋਇਆ ਉਹ ਕਹਿ ਰਿਹਾ ਸੀ-
"ਜੋ ਤੀਵੀਂ ਬਾਹਰ ਖੜੀ ਹੈ, ਓਸ ਨੂੰ ਕਹਿ ਦਿਓ ਕਿ ਮੈਂ ਓਸ ਨੂੰ ਨਹੀਂ ਮਿਲ ਸਕਦਾ।"