ਪੰਨਾ:ਬੁਝਦਾ ਦੀਵਾ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


"ਸਜਣਾ ! ਤੈਨੂੰ ਕੀ ਤਕਲੀਫ ਹੈ ? ਕੀ ਏਥੇ ਤੇਰਾ ਕੋਈ ਸਾਕ ਸੰਬੰਧੀ ਨਹੀਂ?" ਮੈਂ ਉਹਦੇ ਪਾਸੋਂ ਬੜੀ ਹਮਦਰਦੀ ਨਾਲ ਪੁਛਿਆ ।

"ਅਹੁ ਘੜਾ ਪਿਆ ਹੋਇਆ ਜੇ, ਮੈਨੂੰ ਉਹਦੇ ਵਿਚੋਂ ਪਹਿਲਾਂ ਥੋੜਾ ਕੁ ਪਾਣੀ ਪਿਆਓ । ਉਸ ਦੇ ਪਿਛੋਂ ਮੈਂ ਤੁਹਾਨੂੰ ਆਪਣੀ ਦਰਦ ਭਰੀ ਵੇਦਨਾ ਦਸਾਂਗਾ ।" ਉਸ ਨੇ ਰੁਕ ਰੁਕ ਕੇ ਤੇ ਔਖਿਆਂ ਹੋ ਕੇ ਆਖਿਆ।

ਮੈਂ ਘੜੇ ਵਿਚੋਂ ਪਾਣੀ ਪਾਇਆ ਤੇ ਉਸ ਨੂੰ ਦਿੱਤਾ। ਉਹਨੇ ਥੋੜਾ ਜਿਹਾ ਪਾਣੀ ਪੀ ਲਿਆ ਤੇ ਬਾਕੀ ਦਾ ਰੱਖ ਦਿੱਤਾ । ਪਾਣੀ ਪੀਣ ਪਿਛੋਂ ਜਦ ਉਸ ਨੂੰ ਰਤੀ ਕੁ ਹੋਸ਼ ਆਈ,ਤਾਂ ਉਸਨੇ ਆਖਣਾ ਸ਼ੁਰੂ ਕੀਤਾ।

ਮੈਂ ਜ਼ਿਲਾ ਜੇਹਲਮ ਦਾ ਰਹਿਣ ਵਾਲਾ ਹਾਂ । ਏਥੇ ਇਕ ਸਰਦਾਰ ਪਾਸ ਨੌਕਰ ਸਾਂ, ਜਿਸ ਦੀ ਕਲਮ ਸਾਂਝੀਵਾਲ ਤੇ ਮਜ਼ਦੂਰ ਹੱਕਾਂ ਦੀ ਰਾਖੀ ਦੇ ਲੇਖ ਉਗਲਦੀ ਰਹਿੰਦੀ ਹੈ । ਅਜ ਕਲ ਉਹ ਅੰਮ੍ਰਿਤਸਰ ਚਲਾ ਗਿਆ ਹੈ। ਦੋ ਕੁ ਵਰੇ ਹੋਏ, ਉਥੋਂ ਮੇਰੀ ਨੌਕਰੀ ਛੁਟ ਗਈ ਸੀ । ਓਸ ਤੋਂ ਪਿਛੋਂ ਮੈਂ ਇਕ ਹੋਰ ਜਗਾ ਨੌਕਰੀ ਕੀਤੀ । ਕੁਝ ਸਮੇਂ ਪਿਛੋਂ ਉਥੋਂ ਵੀ ਓਸੇ ਸਰਦਾਰ ਦੀ ਕ੍ਰਿਪਾ ਸਦਕਾ ਜਵਾਬ ਹੋ ਗਿਆ । ਨੌਕਰੀ ਹਟਣ ਪਿਛੋਂ ਮੈਂ ਕਈ ਥਾਂ ਟੱਕਰਾਂ ਮਾਰੀਆਂ, ਪਰ ਕਿਤੇ ਵੀ ਪੇਟ ਦੀ ਅੱਗ ਬੁਝਾਉਣ ਦਾ ਵਸੀਲਾ ਨਾ ਬਣਿਆ। ਬੇਰੁਜ਼ਗਾਰੀ ਦੇ ਕਾਰਨ ਆਪਣੀ ਪਤਨੀ ਤੇ ਇਕਲੌਤੀ ਪੁਤ੍ਰੀ ਨੂੰ ਮੈਂ ਘਰ ਭੇਜ ਦਿੱਤਾ।

ਨਿੱਤ ਚੜ੍ਹੇ ਸੂਰਜ ਨੌਕਰੀ ਦੀ ਚਿੰਤਾ ਹੁੰਦੀ ਸੀ ਤੇ ਮੈਂ ਸੋਚਦਾ ਸਾਂ ਕਿ ਜੀਵਨ ਨਿਰਬਾਹ ਕਿਵੇਂ ਹੋਵੇਗਾ । ਮੈਨੂੰ ਇਕ ਦਿਨ ਅਚਾਨਕ ਹੀ ਬੁਖਾਰ ਨੇ ਘੇਰ ਲਿਆ। ਮੈਂ ਬੜੀ ਹਿੰਮਤ ਕਰ ਕੇ ਨੌਕਰੀ ਦੀ ਭਾਲ ਲਈ ਮੰਜੇ ਤੋਂ ਉਠਿਆ, ਪਰ ਬੁਖਾਰ ਏਨੇ ਜ਼ੋਰ ਦਾ ਸੀ ਕਿ ਇਕ ਦੋ ਕਦਮ ਤੁਰਨ ਨਾਲ ਮੈਨੂੰ ਚੱਕਰ ਆਉਣ ਲੱਗ ਪਏ । ਮੈਂ ਫੇਰ

ਕਾਨਿਆਂ ਦੀ ਝੁਗੀ
੧੯