ਪੰਨਾ:ਬੁਝਦਾ ਦੀਵਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਚੁੱਪ ਰਹਿਣ ਦੇ ਗੁਣ ਤੇ ਬੇ-ਅਰਥ ਬੋਲਣ ਦੇ ਔਗਣਾਂ ਤੋਂ ਵੇਲੇ ਸਿਰ ਸੁਚੇਤ ਕਰੇ।" ਉਹ ਬੇਚੈਨੀ ਨਾਲ ਕਾਹਲੇ ਪੈਰ ਪੁੱਟਦਾ ਏਸ ਪਾਪ ਦੀ ਨਗਰੀ ਵਿਚੋਂ ਬਾਹਰ ਜਾਣ ਦਾ ਯਤਨ ਕਰ ਰਿਹਾ ਸੀ ।

ਬੱਤੀਆਂ ਹਵਾ ਨਾਲ ਹਿਲ ਰਹੀਆਂ ਸਨ, ਜਿਨਾਂ ਦੀ ਰੌਸ਼ਨੀ ਵਿਚ ਬੁੱਢਾ ਟੋਜੀਓ ਆਪਣੀ ਮਾਲਾ ਫੇਰਦਾ ਪ੍ਰਾਰਥਨਾ ਦੇ ਮੰਤ੍ਰ ਗੁਣ ਗੁਣਾਉਂਦਾ ਦੌੜਦਾ ਚਲਾ ਜਾ ਰਿਹਾ ਸੀ । ਅਜੇ ਉਹ ਏਸ ਵਸਤੀ ਵਿਚ ਹੀ ਤੁਰਿਆ ਜਾ ਰਿਹਾ ਸੀ ਕਿ ਅਗੋਂ ਉਸ ਦਾ ਦੋਸਤ ਅਕਰਹਾ ਓਸ ਨੂੰ ਮਿਲ ਪਿਆ।

"ਟੋਜੀਓ ਤੁਸੀਂ ਏਥੇ!" ਅਕਰਹਾ ਨੇ ਆਖਿਆ । "ਕੀ ਤੁਸੀ ਇਸ ਗਲੀ ਨੂੰ ਗੁਨਾਹ ਤੇ ਪਾਪ ਦਾ ਘਰ ਨਹੀਂ ਆਖਦੇ ? ਕੀ ਤੁਸੀ ਲੋਕਾਂ ਨੂੰ ਏਥੇ ਆਉਣੋਂ ਮਨਾ ਨਹੀਂ ਕਰਦੇ? ਫੇਰ ਤੁਸੀ ਆਪ ਏਥੇ ਕਿਸ ਤਰ੍ਹਾਂ ਆ ਗਏ ? ਐ ਦੇਵਤਿਆਂ ਦੇ ਪੁਜਾਰੀ ! ਤੁਹਾਨੂੰ ਆਪਣੇ ਮੰਦਰ ਵਿਚ ਹੋਣਾ ਚਾਹੀਦਾ ਸੀ । ਜਿੱਥੇ ਲੋਕ ਰਾਤ ਦੀ ਚੁੱਪ ਚਾਂ ਵਿਚ ਸਦੀਆਂ ਦੇ ਪੁਰਾਣੇ ਮੰਤ੍ਰ ਪੜ੍ਹਦੇ ਪੜ੍ਹਦੇ, ਅਗਲੇ ਜਨਮ ਦੇ ਖ਼ਿਆਲ ਵਿਚ ਉਘਲਾਉਦੇ ਡੂੰਘੀ ਨੀਂਦ ਦੀ ਗੋਦ ਵਿਚ ਡਿੱਗ ਪੈਂਦੇ ਹਨ ।"

ਟੋਜੀਓ ਮੁਸਕਾਇਆ- "ਮੇਰੇ ਮਿਤ੍ਰ !" ਓਸ ਨੇ ਆਖਿਆ-“ਕੀ ਏਸ ਬੇਰਹਿਮ ਗਲੀ ਵਿਚ ਕਿਸੇ ਦਾ ਭੁਲ ਕੇ ਆਉਣਾ ਠੀਕ ਹੈ ਜਾਂ ਤੇਰੇ ਵਾਂਗੂ ਕਿਸੇ ਬੁਰੇ ਮਤਲਬ ਨੂੰ ਲੈ ਕੇ ਆਉਣਾ ? ਮੇਹਰਬਾਨ ! ਤੁਸਾਂ ਯਕੀਨ ਕਰਨਾ ਕਿ ਸਾਰੀ ਦੁਨੀਆ ਦੇ ਪਾਪ ਇਨ੍ਹਾਂ ਔਰਤਾਂ ਦੇ ਬੂਹੇ ਅੱਗੇ ਰਖੇ ਹੋਏ ਹਨ। ਜਦੋਂ ਤੁਹਾਨੂੰ ਓਹ ਇਸ਼ਾਰਿਆਂ ਨਾਲ ਬੁਲਾਣ, ਤਾਂ ਤੁਸਾਂ ਉਨਾਂ ਦੇ ਇਸ਼ਾਰਿਆਂ ਦੀ ਪ੍ਰਵਾਹ ਨਾ ਕਰਨੀ। ਦੂਰ ਨੱਸੋ ਓਹਨਾਂ ਦੀਆਂ ਚਮਕੀਲੀਆਂ ਅੱਖੀਆਂ ਦੇ ਕਟਾਖ੍ਯਾਂ ਤੋਂ, ਦਿਲ ਨੂੰ

ਪੁਜਾਰੀ

੨੭