ਪੰਨਾ:ਬੁਝਦਾ ਦੀਵਾ.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿਚ ਖੁਸ਼ੀ ਖੁਸ਼ੀ ਫਿਰਨ ਵਾਲੇ ਸੱਜਣ ! ਜਦ ਤੂੰ ਹਦੋਂ ਟੱਪ ਚੁੱਕੀ ਚਾਹ ਤੋਂ ਉਪਰਾਮ ਹੋ ਜਾਵੇਂ, ਜਦ ਤੇਰਾ ਦਿਲ ਦੁਨੀਆ ਦੇ ਸੁਖਾਂ ਤੋਂ ਉਕਤਾ ਜਾਵੇ ਤੇ ਸਭ ਨਾਲੋਂ ਵਧੇਰੇ ਇਹ ਕਿ ਜਦ ਤੇਰੇ ਪ੍ਰੇਮ ਨੂੰ ਕੋਈ ਇਸਤ੍ਰੀ ਠੁਕਰਾ ਦੇਵੇ, ਤਾਂ ਤੂੰ ਮੇਰੇ ਪਾਸ ਆਵੀਂ। ਮੈਂ ਤੈਨੂੰ ਸੁਖੀ ਜੀਵਨ ਬਿਤਾਉਣ ਦਾ ਰਾਹ ਦਸਾਂਗਾ ਤੇ ਇਸ ਤੋਂ ਪਹਿਲਾਂ ਕਿ ਉਸ ਨੂੰ ਕੋਈ ਉੱਤਰ ਮਿਲਦਾ, ਉਹ ਤੇਜ਼ੀ ਨਾਲ ਅੱਗੇ ਚਲਾ ਗਿਆ ।

ਅਕਰਹਾ ਪੁਜਾਰੀ ਨੂੰ ਜਾਂਦਿਆਂ ਬੜਾ ਚਿਰ ਵੇਖਦਾ ਰਿਹਾ । ਓਸ ਨੂੰ ਓਹਦੀ ਹਾਲਤ ਉਤੇ ਤਰਸ ਆ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਦੁਨੀਆ ਦੇ ਸੁਖਾਂ ਤੋਂ ਵੰਚਿਤ ਹੋਏ ਏਸ ਬੁੱਢੇ ਤੇ ਨੀਰਸ ਪੁਜਾਰੀ ਦੀ ਹਾਲਤ ਕਿੱਡੀ ਤਰਸ ਯੋਗ ਏ। ਇਹ ਓਹਨਾਂ ਲੋਕਾਂ ਵਿਚੋਂ ਹੈ, ਜਿਨ੍ਹਾਂ ਨੇ ਸੁਖੀ ਜੀਵਨ ਨੂੰ ਇਕ ਖਿਆਲੀ ਦੁਨੀਆ ਸਮਝ ਕੇ ਤਿਆਗ ਦਿਤਾ ਏ ।

ਤੇ ਉਹ ਬੜਾ ਪ੍ਰਸੰਨ ਸੀ ਕਿ ਸਾਰੀ ਦੁਨੀਆ ਪੁਜਾਰੀਆਂ ਦੀ ਨਹੀਂ। ਜੇ ਸਾਰੇ ਮਨੁੱਖ ਓਸੇ ਵਰਗੇ ਹੁੰਦੇ, ਤਾਂ ਇਹਨਾਂ ਵੇਸ਼ਵਾਆਂ ਦੇ ਨਿਰਬਾਹ ਵਾਸਤੇ ਸ਼ਾਇਦ ਕੋਈ ਵਸੀਲਾ ਵੀ ਨਾ ਹੁੰਦਾ।

ਪੁਜਾਰੀ ਗਲੀ ਤੋਂ ਬਾਹਰ ਜਾ ਚੁੱਕਾ ਸੀ। ਅਕਰਹਾ ਹੌਲੀ ਹੌਲੀ ਤੁਰਦਾ ਇਕ ਮਕਾਨ ਦੇ ਅੱਗੇ ਆ ਕੇ ਰੁਕ ਗਿਆ । ਦਰਵਾਜ਼ੇ ਤੇ ਲਿਖਿਆ ਸੀ-"ਮਹਿਕਾਂ ਨਾਲ ਸੁਗੰਧਿਤ ਕਲੀ।" ਓਸ ਨੇ ਬੂਹੇ ਨੂੰ ਖੜਕਾਇਆ। ਘਰ ਦੀ ਨੌਕਰਿਆਣੀ ਨੇ ਝਟ ਪਟ ਆ ਕੇ ਬੂਹਾ ਖੋਲ੍ਹਿਆ। ਉਹ ਅਕਰਹਾ ਨੂੰ ਪਛਾਣ ਕੇ ਬੋਲੀ-ਏਸ ਟੁੱਟੇ ਭੱਜੇ ਮਕਾਨ ਵਿਚ ਤੁਹਾਡਾ ਆਉਣ ਕਿਵੇਂ ਹੋਇਆ? ਧੰਨ ਭਾਗ ਸਾਡੇ ਜੋ ਕੀੜੀ ਦੇ ਘਰ ਨਾਰਾਇਣ ਆਇਆ। ਪਰ.......ਪਰ ਸਾਰੀਆਂ ਲੜਕੀਆਂ ਤਾਂ ਕਿਸੇ ਪਾਰਟੀ ਤੇ ਬਾਹਰ ਚਲੀਆਂ ਗਈਆਂ ਨੇ।"

ਪੁਜਾਰੀ
੨੯