ਪੰਨਾ:ਬੁਝਦਾ ਦੀਵਾ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਜ਼ਮੀਨ ਸਕਾਉਣ ਦੇ ਕੰਮ ਆਉਂਦਾ |"

ਅੱਥਰੂ ਭਰੀਆਂ ਅੱਖੀਆਂ ਨਾਲ ਪਤਨੀ ਬੋਲੀ- "ਅਜਿਹੇ ਸਮੇਂ ਤੁਸੀ ਮੇਰੇ ਤੇ ਸ਼ੱਕ ਨਾ ਕਰੋ । ਕੀ ਮੈਂ ਧਾਰਮਿਕ ਪੁਸਤਕਾਂ ਨਹੀਂ ਪੜੀਆਂ ? ਪਤੀ ਰਵੇ ਜਾਂ ਨਾ, ਤੀਵੀਂ ਨੂੰ ਇਕ ਪਤੀ ਤੇ ਹੀ ਸੰਤੋਸ਼ ਰਖਣਾ ਚਾਹੀਦਾ ਹੈ, ਕੀ ਮੈਂ ਉਨ੍ਹਾਂ ਗ੍ਰੰਥਾਂ ਵਿਚੋਂ ਇਹ ਸਿਖਿਆ ਨਹੀਂ ਪਾਈ ? ਜੇ ਤੁਹਾਨੂੰ ਮੇਰੀ ਨਿਸ਼ਕਪਟਤਾ ਉੱਤੇ ਵਿਸ਼ਵਾਸ ਨਾ ਹੋਵੇ, ਤਾਂ ਆਖੋ-ਮੈਂ ਤੁਹਾਡੇ ਸਾਮਣੇ ਮਰ ਕੇ ਆਪਣੀ ਸਚਾਈ ਦਾ ਸਬੂਤ ਦੇ ਦਿਆਂ ।"

ਥੱਕੀ ਹੋਈ ਆਵਾਜ਼ ਵਿਚ ਚੋਯਾਂਗ ਬੋਲਿਆ- “ਹੁਣ ਮੇਰੀ ਕੋਈ ਇੱਛਾ ਨਹੀਂ-ਮੈਂ ਮਰ ਰਿਹਾ ਹਾਂ-ਮੇਰੀ ਨੈਣ ਜੋਤਨਾ ਘਟਦੀ ਜਾ ਰਹੀ ਹੈ...............|" ਇਹ ਕਹਿੰਦਿਆਂ ਕਹਿੰਦਿਆਂ ਬੁੱਢੇ ਚੀਨੀ ਫਿਲਾਸਰ ਦੀਆਂ ਅੱਖੀਆਂ ਬੰਦ ਹੋ ਗਈਆਂ ਤੇ ਸਾਸ ਰੁਕ ਗਏ।

ਪਤੀ ਦੇ ਮ੍ਰਿਤੂ -ਸਰੀਰ ਤੇ ਸ਼੍ਰੀ ਮਤੀ ਤਿਯੇਨ ਪਛਾੜ ਖਾ ਕੇ ਡਿਗ ਪਈ ਤੇ ਧਾਹਾਂ ਮਾਰ ਮਾਰ ਕੇ ਸ਼ੋਕ ਪ੍ਰਗਟ ਕਰਨ ਲਗੀ । ਓਹ ਦਿਨ ਰਾਤ ਉਦਾਸ ਰਹਿੰਦੀ, ਰੋਂਦੀ ਪਿਟਦੀ ਤੇ ਪਤੀ ਦੇ ਪ੍ਰੇਮ ਅਤੇ ਗਿਆਨ ਨੂੰ ਯਾਦ ਕਰ ਕੇ ਫਾਵੀ ਹੋ ਹੋ ਜਾਂਦੀ ਸੀ । ਚੀਨ ਦੀ ਰੀਤ ਅਨੁਸਾਰ ਚੋਯਾਂਗ ਜਿਹੇ ਵਿਦਵਾਨ ਦੇ ਮਰਨ ਤੇ ਉਸ ਦੇ ਮ੍ਰਿਤੂ-ਸਰੀਰ ਨੂੰ ਚਾਲੀ ਦਿਨ ਇਕ ਪਿੰਜਰੇ ਅੰਦਰ ਰਖਿਆ ਜਾਣਾ ਸੀ। ਗਵਾਂਢੀ ਤੇ ਦੂਰ ਦੂਰ ਦੇ ਲੋਕ ਉਸ ਦੇ ਦਰਸ਼ਨਾਂ ਨੂੰ ਤੇ ਸ਼ੋਕ ਪ੍ਰਗਟ ਕਰਨ ਲਈ ਆਉਂਦੇ ਸਨ। ਬਹੁਤ ਲੋਕ ਆਏ। ਅੰਤ ਇਕ ਹਲਕੇ ਨੀਲੇ ਰੰਗ ਦੀ ਪੋਸ਼ਾਕ ਵਾਲਾ ਸੁਣਖਾ ਜਵਾਨ ਆਇਆ, ਜਿਸ ਨੇ ਸਿਰ ਤੇ ਕਾਲੀ ਟੋਪੀ ਤੇ ਪੈਰੀਂ ਮੱਖਮਲੀ ਜੁੱਤੀ ਪਹਿਨੀ ਹੋਈ ਸੀ । ਓਸ ਦੇ ਨੌਕਰ ਨੇ ਕਿਹਾ ਕਿ ਇਹ ਨੌਜਵਾਨ ਬੜੇ ਅਮੀਰ ਜ਼ਿਮੀਂਦਾਰ ਦਾ ਲੜਕਾ ਹੈ ।

ਸਤੀ ਵਿਧਵਾ

੮੫