ਪੰਨਾ:ਬੁਝਦਾ ਦੀਵਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੋਹਿਤ ਦੇ ਸਾਹਮਣੇ ਆ ਕੇ ਖੜੇ ਹੋ ਗਏ; ਪ੍ਰੋਹਿਤ ਨੇ ਵਿਆਹ ਕਰ ਦਿੱਤਾ। ਉਹ ਬਹੁਤ ਖੁਸ਼ ਸਨ । ਉਨ੍ਹਾਂ ਦੇ ਚਿਹਰੇ ਤੇ ਪ੍ਰੇਮ-ਭਰੀ ਮੁਸਰਾਹਟ ਨੱਚ ਰਹੀ ਸੀ । ਖਾਣਾ ਖਾਣ ਪਿਛੋਂ ਕੁਮਾਰ ਬੜੇ ਪ੍ਰੇਮ ਨਾਲ ਓਸ ਨੂੰ ਸੁਹਾਗ-ਰਾਤ ਦੇ ਕਮਰੇ ਵਿਚ ਲੈ ਗਏ । ਉਹ ਬੜਾ ਚਿਰ ਗੱਪ ਸ਼ਪ ਮਾਰਦੇ ਰਹੇ । ਏਕਾ ਏਕੀ ਕੁਮਾਰ ਧਰਤੀ ਤੇ ਡਿਗ ਪਿਆ ਤੇ ਹੱਥ ਪੈਰ ਫੜਫੜਾਉਂਦਾ ਛਾਤੀ ਕੁਟਨ ਲਗ ਪਿਆ।

ਇਹ ਦੇਖ ਕੇ ਸ਼੍ਰੀ ਮਤੀ ਤਿਯੇਨ ਨੇ ਘਬਰਾ ਕੇ ਕੁਮਾਰ ਨੂੰ ਤਰਾਂ ਤਰਾਂ ਦੇ ਆਰਾਮ ਦੇਣ ਦਾ ਯਤਨ ਕੀਤਾ ਪਰ ਜਦੋਂ ਕੋਈ ਫਾਇਦਾ ਹੁੰਦਾ ਨਜ਼ਰ ਨਾ ਆਇਆ, ਤਾਂ ਉਸ ਨੇ ਕੁਮਾਰ ਦੇ ਨੌਕਰ ਨੂੰ ਬੁਲਾ ਭੇਜਿਆ ।

ਸ੍ਰੀ ਮਤੀ ਤਿਯੇਨ ਨੇ ਨੌਕਰ ਨੂੰ ਪੁੱਛਿਆ-"ਕੀ ਤੇਰੇ ਮਾਲਿਕ ਨੂੰ ਮ੍ਰਿਗੀ ਦੀ ਸ਼ਕਾਇਤ ਹੈ ?"

ਨੋਕਰ ਨੇ ਕਿਹਾ-“ਜੀ ਹਾਂ, ਪਰ ਇਸ ਨੂੰ ਕਿਸੇ ਵੀ ਦਵਾਈ ਨਾਲ ਫਾਇਦਾ ਨਹੀਂ ਹੋਵੇਗਾ; ਸਿਰਫ ਇਕੋ ਹੀ ਚੀਜ਼ ਹੈ ਜਿਸ ਨਾਲ ਫਾਇਦਾ ਹੋ ਸਕਦਾ ਹੈ ।”

"ਓਹ ਕੀ ?"

ਨੌਕਰ ਨੇ ਕਿਹਾ- “ਕਿਸੇ ਮਨੁੱਖ ਦੇ ਮਗਜ਼ ਨੂੰ ਸ਼ਰਾਬ ਵਿਚ ਉਬਾਲ ਕੇ ਖੁਆਉਣ ਨਾਲ ਇਹ ਝਟ ਹੋਸ਼ ਵਿਚ ਆ ਜਾਣਗੇ ।ਆਪਣੇ ਸ਼ਹਿਰ ਵਿਚ ਜਦ ਕਦੀ ਵੀ ਇਹਨਾਂ ਨੂੰ ਮ੍ਰਿਗੀ ਪੈ ਜਾਂਦੀ ਸੀ ; ਤਾਂ ਉਨਾਂ ਦੇ ਪਿਤਾ-ਰਾਜਾ ਸਾਹਿਬ, ਇਕ ਆਦਮੀ ਨੂੰ ਮਰਵਾ ਕੇ ਓਸ ਦਾ ਮਗਜ਼ ਕੱਢ ਕੇ ਖੁਆਉਂਦੇ ਸਨ; ਪਰ ਏਥੇ ਕਿਸ ਤਰਾਂ ਅਜਿਹੀ ਦਵਾ ਮਿਲ ਸਕੇਗੀ ?"

ਉਸ ਨੇ ਪੁੱਛਿਆ-“ਕੀ ਅਜਿਹੇ ਆਦਮੀ ਦੇ ਮਗਜ਼ ਨਾਲ ਫਾਇਦਾ ਹੋ ਸਕਦਾ ਹੈ, ਜੋ ਸਵਭਾਵਿਕ ਮ੍ਰਿਤੂ ਨਾਲ ਮਰ ਗਿਆ ਹੋਵੇ ?"

ਸਤੀ ਵਿਧਵਾ

੯੧