ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁੜਤੀ ਜਾਕਟ ਪਾਪਲੀਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ

ਚੰਦ ਕੁਰੇ ਨੀ ਮੱਥਾ ਤੇਰਾ ਚੰਦ ਵਲੈਤੀ

ਅੱਖੀਆਂ ਤੇਰੀਆਂ ਡੁਲ੍ਹਕਣ ਤਾਰੇ
ਕਾਲ਼ੇ ਨਾਗ ਦੀ ਚੇਲੀ ਤੂੰ ਬਣਗੀ
ਡੰਗ ਛਾਤੀ ਨੂੰ ਮਾਰੇ
ਦੁੱਖ ਬੁਰੇ ਆਸ਼ਕਾਂ ਦੇ-
ਨਾ ਝਿੜਕੀਂ ਮੁਟਿਆਰੇ

ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇਰੀਆਂ

ਮਾਰ ਲਿਸ਼ਕਾਰੇ ਤੇਰਾ ਲੌਂਗ ਭਖਦਾ
ਨੀ ਕਿਹੜਾ ਝੱਲੂ ਨੀ ਨਿਸ਼ਾਨਾ
ਤੇਰੀ ਬਲੌਰੀ ਅੱਖ ਦਾ

ਕਦੇ ਆਉਣ ਨ੍ਹੇਰੀਆਂ

ਕਦੇ ਜਾਣ ਨ੍ਹੇਰੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ

ਕਾਲ਼ੀ ਚੁੰਨੀ ’ਚੋਂ ਭਾਉਂਦੀਆਂ ਅੱਖੀਆਂ

ਜਿਵੇਂ ਚਮਕਦੇ ਤਾਰੇ
ਸਭ ਨੂੰ ਮੋਹ ਲਿਆ ਨੀ
ਬੋਤਲ ਵਰਗੀਏ ਨਾਰੇ

ਆਰ ਗੋਰੀਏ ਨੀ ਪਾਰ ਗੋਰੀਏ

ਆਰ ਗੋਰੀਏ ਨੀ ਪਾਰ ਗੋਰੀਏ
ਘੜਾ ਚੱਕ ਲੈ
ਦੰਦਾਂ ਦੇ ਭਾਰ ਗੋਰੀਏ

104 - ਬੋਲੀਆਂ ਦਾ ਪਾਵਾਂ ਬੰਗਲਾ