ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਮਣਾਂ ਦਾ ਪੁੱਤ ਗੱਭਰੂ
ਹੱਥ ਟਕੂਆ ਤੇ ਨਾਲ਼ ਗੰਦਾਲੀ
ਘੋੜੀ ਉੱਤੋਂ ਨੈਬ ਸੁੱਟ ਲਿਆ
ਨਾਲ਼ੇ ਪੁਲਸ ਦਬੱਲੀ ਸਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਮੇਲਾ ਲੋਪੋਂ ਦਾ

ਆਰੀ ਆਰੀ ਆਰੀ
ਮੇਲਾ ਲੋਪੋਂ ਦਾ
ਲੱਗਦਾ ਬਹੁਤ ਹੈ ਭਾਰੀ
ਲੁੱਧਿਆਣੇ ਦੁਗ ਦੁਗੀਆ
ਸਾਹਨੇ ਕੋਲ਼ ਢੰਡਾਰੀ
ਤੜਕਿਉਂ ਭਾਲ਼ੇਂਗਾ-
ਨਰਮ ਕਾਲਜੇ ਵਾਲ਼ੀ

ਖਮਾਣੋਂ ਦਾ ਮੇਲਾ

ਆਰੀ ਆਰੀ ਆਰੀ
ਵਿਚ ਖਮਾਣੋਂ ਦੇ ਮੇਲਾ ਲਗਦਾ
ਲਗਦਾ ਜਗਤ ਤੋਂ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਓਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਚਾਲ਼ੀਆਂ ਚੋਂ ਇਕ ਬਚਗੀ
ਥਾਣੇਦਾਰ ਦੇ ਮੱਥੇ ਵਿਚ ਮਾਰੀ
ਥਾਣੇਦਾਰ ਇਉਂ ਡਿੱਗਿਆ
ਜਿਉਂ ਬੌਲਦ ਗਲੋਂ ਪੰਜਾਲੀ
ਮਿਲਖੀ ਨਿਊਆਂ ਦਾ
ਥਾਣੇਦਾਰ ਦੇ ਗੰਡਾਸੀ ਮਾਰੀ
ਈਸੂ ਘੜੂਏਂ ਦਾ
ਜੀਹਦੇ ਚਲਦੇ ਮੁਕੱਦਮੇ ਭਾਰੀ
ਤਿਲੀਅਰ ਤੋਤੇ ਨੇ-
ਛਾਲ ਗਿੱਧੇ ਵਿਚ ਮਾਰੀ

111 - ਬੋਲੀਆਂ ਦਾ ਪਾਵਾਂ ਬੰਗਲਾ