ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਈ ਮਾਈ ਪਿਆ ਭੌਂਕਦੈਂ
ਕਿਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਘਾਇਆ
ਓਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖਰੇ ਵਿਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ

ਪੂਰਨ ਕਹਿੰਦਾ ਸੁਣ ਮੇਰੀ ਮਾਤਾ

ਕਿਉਂ ਕਰ ਮੁਦਤਾਂ ਪਾਈਆਂ
ਧਰਤੀ ਈਸ਼ਵਰ ਪਾਟ ਜਾਣਗੇ
ਗਾਹੋ ਗਾਹੀ ਫਿਰਨ ਦੁਹਾਈਆਂ
ਚੰਦ ਸਰੂਜ ਹੋਣਗੇ ਕਾਲ਼ੇ
ਜਗਤ ਦਵੇ ਰੁਸ਼ਨਾਈਆਂ
ਨੀ ਅਜ ਤਕ ਨਾ ਸੁਣੀਆਂ-
ਪੁੱਤਰ ਭੋਗਦੀਆਂ ਮਾਈਆਂ

ਲੂਣਾਂ ਦੇ ਮੰਦਰੀਂ ਪੂਰਨ ਜਾਂਦਾ

ਡਿਗ ਪੈਂਦੀ ਗੱਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹਜਾ ਸੇਜ ਤੇ ਆ ਕੇ

ਮਨ ਨੂੰ ਮੋੜ ਕੇ ਬੈਠ ਪਾਪਣੇ

ਤੂੰ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲੱਗਦਾ
ਜੀਹਨੇ ਤੂੰ ਪਰਨਾਈ

116 - ਬੋਲੀਆਂ ਦਾ ਪਾਵਾਂ ਬੰਗਲਾ