ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੀਰਿਆਂ ਹਰਨਾਂ ਬਾਗੀ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲਾਂ ਲੰਘ ਗਿਆ ਰਾਂਝਣ ਮੀਆਂ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣ ਗੀਆਂ-
ਨਹੁੰ ਨਾ ਲਗਦੇ ਜ਼ੋਰੀ

ਦਖਾਣਾ ਖੜੀ ਲਕੜੀ ਨੂੰ

ਘੁਣਾ ਲੱਗ ਗਿਆ
ਅੱਧੀ ਦੀ ਬਣਾ ਦੇ ਸਾਨਗੀ
ਅੱਧੀ ਦੀ ਬਣਾ ਦੇ ਢੱਡ
ਉੱਚੇ ਬੱਜਦੀ ਸਾਨਗੀ
ਨੀਵੇਂ ਬੱਜਦੀ ਢੱਡ
ਚੁਲ੍ਹੇ ਪੱਕਦੀਆਂ ਪੋਲ਼ੀਆਂ
ਹਾਰੇ ਰਿਝਦੀ ਖੀਰ
ਖਾਣੇ ਵਾਲ਼ੇ ਖਾ ਗਏ
ਰਹਿ ਗਏ ਰਾਂਝਾ ਹੀਰ
ਰਾਂਝੇ ਪੀਰ ਨੇ ਛੱਡੀਆਂ ਲਾਟਾਂ
ਜਲਗੇ ਜੰਡ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ

ਯਾਰੀ ਦੇਖੀ ਚਿੜਾ ਚਿੜੀ ਦੀ

ਰਲ਼-ਮਿਲ਼ ਛੱਤਣ ਪਾੜੀ
ਯਾਰੀ ਦੇਖੀ ਚੰਦ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਹੀਰ ਰਾਂਝੇ ਦੀ
ਫਿਰਦੇ ਜੰਗਲ ਉਜਾੜੀ
ਤੇਰੇ ਮੇਰੇ ਕਰਮਾਂ ਦੀ-
ਲਗ ਗੀ ਪਟ੍ਹੋਲਿਆ ਯਾਰੀ

122 - ਬੋਲੀਆਂ ਦਾ ਪਾਵਾਂ ਬੰਗਲਾ