ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਾਡੀ ਗਲ਼ੀ ਇਕ ਛੜਾ ਸੁਣੀਂਦਾ
ਨਾਂ ਉਹਦਾ ਕਰਤਾਰੀ
ਨੀ ਇਕ ਦਿਨ ਮੈਥੋਂ ਦਾਲ਼ ਲੈ ਗਿਆ
ਕਹਿੰਦਾ ਬੜੀ ਕਰਾਰੀ
ਨੀ ਚੰਦਰੇ ਨੇ ਹੋਰ ਮੰਗਲ਼ੀ-
ਮੈਂ ਵੀ ਕੜਛੀ ਬੁਲ੍ਹਾਂ ਤੇ ਮਾਰੀ

ਗੜ ਗੜ ਕਰਦੇ ਬੱਦਲ ਵ੍ਹਰਦੇ

ਢਹਿ ਗਿਆ ਛੜੇ ਦਾ ਕੋਠਾ
ਨੀ ਚਾਰ ਚੁਫੇਰੇ ਪਾਣੀ ਪਾਣੀ
ਡਿਗ ਪਈ ਖਾ ਕੇ ਗੋਤਾ
ਨੀ ਚਿੱਕੜ ਵਿਚੋਂ ਮਸਾਂ ਮੈਂ ਨਿਕਲ਼ੀ-
ਗੁੱਤ ਦਾ ਲਿੱਬੜ ਗਿਆ ਗੋਟਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

ਛੜਾ ਛੜੇ ਨੂੰ ਦੇਵੇ ਦਿਲਬਰੀਆਂ

ਮੌਜ ਭਰਾਵੋ ਰਹਿੰਦੀ
ਚਹੁੰ ਡੱਕਿਆਂ ਨਾਲ਼
ਅੱਗ ਮੱਚ ਪੈਂਦੀ
ਆਪੇ ਰੋਟੀ ਲਹਿੰਦੀ
ਛੜਿਆਂ ਦੀ ਉੱਖਲੀ ਤੇ-
ਸ਼ਹਿਕੇ ਮੋਰਨੀ ਬਹਿੰਦੀ

ਰਾਮ ਰਾਮ ਦੀ ਹੋਗੀ ਮਰਜ਼ੀ

ਬਾਪ ਛੜੇ ਦਾ ਮਰਿਆ
ਭੌਂ ਭਰਾਵਾਂ ਵੰਡਲੀ
ਅੱਡ ਵਿਚਾਰਾ ਕਰਿਆ
ਛੜਾ ਵਿਚਾਰਾ ਬੋਲਦਾ ਨੀ
ਵਿਚ ਹਰਖ ਦੇ ਭਰਿਆ
ਤੇਰੀ ਕੁਦਰਤ ਤੇ-
ਸਭ ਕੋਈ ਹੈ ਡਰਿਆ

133 - ਬੋਲੀਆਂ ਦਾ ਪਾਵਾਂ ਬੰਗਲਾ