ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/199

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਰਾਹ ਵਿਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਮੂਹਰੇ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ ਕਿਸੇ ਦੇ ਛੋਲੇ
ਸਾਡੇ ਮੋਠ ਪੁਰਾਣੇ
ਲਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲ਼ਾ ਦਿਆਂ ਦਾਣੇ
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨਿਆਣੇ

ਮਾਏਂ ਨੀ ਤੈਂ ਵਰ ਕੀ ਸਹੇੜਿਆ

ਇਹ ਕੀ ਮਾਰਿਆ ਲੋਹੜਾ
ਖੁੱਦੋ ਖੂੰਡੀ ਉਠ ਗਿਆ ਖੇਡਣ
ਮੁੜ ਨੀ ਕਰਦਾ ਮੋੜਾ
ਜੇ ਤਾਂ ਮੈਨੂੰ ਮੁੜਦਾ ਦਿਸਦਾ
ਕਰਾਂ ਹੰਦੇਸਾ ਥੋੜ੍ਹਾ
ਰੇਰੂ ਦਾ ਰੁੱਖ ਕੋਲ਼ ਖੜਾ ਤਾ
ਮੈਂ ਟਾਹਲੀ ਦਾ ਪੋਰਾ
ਕੰਤ ਨਿਆਣੇ ਦਾ-
ਖਾ ਗਿਆ ਹੱਡਾਂ ਨੂੰ ਝੋਰਾ

ਸਹੁਰੀਂ ਮੇਰੇ ਪਵੇ ਹਵੇਲੀ

ਪੇਕੇ ਪਵੇ ਚੁਬਾਰਾ
ਸੱਸ ਤਾਂ ਮੇਰੀ ਪਾਣੀ ਢੋਵੇ
ਮੈਂ ਢੋਂਦੀ ਆਂ ਗਾਰਾ
ਇਕ ਮਹੀਨੇ ਤਾਈਂ ਵੀਰਨਾ
ਕੰਮ ਮੁਕਜੂਗਾ ਸਾਰਾ
ਕੰਤ ਨਿਆਣੇ ਦਾ -
ਪੈ ਗਿਆ ਮਾਮਲਾ ਭਾਰਾ

197 - ਬੋਲੀਆਂ ਦਾ ਪਾਵਾਂ ਬੰਗਲਾ