ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/267

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦੀ ਰੰਨ ਬੁਰਛੇ ਵਰਗੀ
ਧੁਰ ਝਿਊਰੀ ਦੇ ਜਾਵੇ
ਚੰਦਰਾ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਵੇ

ਘਰ ਤਾਂ ਜਿਨ੍ਹਾਂ ਦੇ ਲਾਗੋ ਲਾਗੀ

ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋ ਕੋਲ਼ੀ ਮਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਗੱਲਾਂ ਕਰ ਕਰ ਸਾਧੂ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਚਿੱਪੀ ਫੜ ਕੇ ਮੰਗਣ ਚੜ੍ਹਪੇ
ਖੈਰ ਨਾ ਪਾਉਂਦੀਆਂ ਮਾਈਆਂ
ਫੁੱਲ ਵਾਂਗੂੰ ਤਰਜੇਂ ਗੀ
ਹਾਣ ਦੇ ਮੁੰਡੇ ਨਾਲ਼ ਲਾਈਆਂ
ਲੱਗੀਆਂ ਤ੍ਰਿੰਜਣਾਂ ਦੀਆਂ
ਯਾਦ ਗੱਡੀ ਵਿਚ ਆਈਆਂ
ਦੇਖੀਂ ਰੱਬਾ ਚੱਕ ਨਾ ਲਈਂ
ਪੈਰ ਧੋ ਕੇ ਝਾਂਜਰਾਂ ਪਾਈਆਂ
ਪੱਟ ਤੀ ਆਸ਼ਕ ਨੇ-
ਪਾਵੇ ਖੜੀ ਦੁਹਾਈਆਂ

ਕੁੰਡਾ ਖੋਲ੍ਹ ਸੋਹਣੀਏ

ਮੂੰਹੋਂ ਬੋਲ ਸੋਹਣੀਏਂ
ਹੋ ਮੈਂ ਕੀ ਬੋਲਾਂ ਅੜਿਆ
ਹੋ ਇਕ ਪ੍ਰਦੇਸੀ ਆਇਆ
ਉਹਦੇ ਨਾਲ਼ ਪੀਂਘ ਚੜ੍ਹਾਈ
ਦਿਲ ਦੀ ਗਲ਼ ਸੁਣਾਈ
ਭੈੜਾ ਕਰਦਾ ਸੀ ਅੜੀਆਂ
ਮੈਂ ਕੀਤੀਆਂ ਮਿੰਨਤਾਂ ਬੜੀਆਂ
ਆਖਰ ਉਸ ਗਲ ਨਾਲ਼ ਲਾਇਆ
ਇਸ਼ਕ ਦਾ ਰੰਗ ਚੜ੍ਹਾਇਆ
ਨੀ ਫੇਰ ਕੀ ਹੋਇਆ ?

265 - ਬੋਲੀਆਂ ਦਾ ਪਾਵਾਂ ਬੰਗਲਾ