ਇਹ ਸਫ਼ਾ ਪ੍ਰਮਾਣਿਤ ਹੈ
ਤੇਰੇ ਹੱਥ ਵਿਚ ਗੁੱਲੀ ਡੰਡਾ
ਮੇਰੇ ਹੱਥ ਪਟੋਲੇ
ਟੁੱਟੀ ਯਾਰੀ ਤੋਂ
ਬਿਨਾਂ ਗਾਲ਼ ਨਾ ਬੋਲੇ
ਤੇਰੀ ਮੇਰੀ ਲੱਗੀ ਹਾਣੀਆਂ
ਲੱਗੀ ਪਹਿਰ ਦੇ ਤੜਕੇ
ਭੀੜੀ ਗਲ਼ੀ ਵਿਚ ਮੇਲ਼ ਹੋ ਗਿਆ
ਖੜ੍ਹ ਗਿਆ ਬਾਹੋਂ ਫੜ ਕੇ
ਚੁਗਲਖੋਰ ਨੇ ਚੁਗਲੀ ਕੀਤੀ
ਬੋਲ ਕਾਲਜੇ ਰੜਕੇ
ਪੱਕੇ ਪੁਲਾਂ ਤੇ ਹੋਏ ਟਾਕਰੇ
ਟਕੂਏ ਤੇ ਟਕੂਆ ਖੜਕੇ
ਅੱਖੀਆਂ ਪੂੰਝੇਂਂਗੀ-
ਲੜ ਸਾਫੇ ਦਾ ਫੜ ਕੇ
ਆਉਣ ਜਾਣ ਨੂੰ ਨੌਂ ਦਰਵਾਜ਼ੇ
ਖਿਸਕ ਜਾਣ ਨੂੰ ਮੋਰੀ
ਕੱਢ੍ਹ ਕਾਲਜਾ ਤੈਨੂੰ ਦਿੱਤਾ
ਮਾਈ ਬਾਪ ਤੋਂ ਚੋਰੀ
ਚੂਪ ਚਾਪ ਕੇ ਇਉਂ ਸੁੱਟ ਦਿੱਤਾ
ਜਿਉਂ ਗੰਨੇ ਦੀ ਪੋਰੀ
ਟੁੱਟੀ ਯਾਰੀ ਤੋਂ ਸਬਰ ਕਰ ਲਈਏ
ਗਲ ਮੁਕਾਈਏ ਕੋਰੀ
ਰੋਂਦੀ ਚੁੱਪ ਨਾ ਕਰੇ-
ਸਿਖਰ ਦੁਪਹਿਰੇ ਤੋਰੀ
ਚੱਕ ਕੇ ਚਰਖਾ ਰੱਖਿਆ ਢਾਕ ਤੇ
ਕਰ ਲੀ ਕੱਤਣ ਦੀ ਤਿਆਰੀ
ਠੁਮਕ ਨੁਮਕ ਚੱਕਦੀ ਪੱਬਾਂ ਨੂੰ
ਲਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਦੇ
274- ਬੋਲੀਆਂ ਦਾ ਪਾਵਾਂ ਬੰਗਲਾ