ਇਹ ਸਫ਼ਾ ਪ੍ਰਮਾਣਿਤ ਹੈ
ਉੱਚੇ ਟਿੱਬੇ ਮੈਂ ਤਾਣਾ ਤਣਦੀ
ਭਨ ਭਨ ਸੁਟਦੀ ਕਾਨੇ
ਏਸ ਦੇਸ ਮੇਰਾ ਜੀ ਨੀ ਲੱਗਦਾ
ਲੈ ਚੱਲ ਦੇਸ ਬਿਗਾਨੇ
ਏਸ ਦੇਸ ਦੇ ਕੁੱਤੇ ਭੌਂਕਣ
ਗਿੱਦੜ ਲਾਉਣ ਬਹਾਨੇ
ਇਕ ਗਿੱਦੜ ਨੇ ਮਹਿਲ ਪੁਆਇਆ
ਗੱਭੇ ਰਖਾਈ ਮੋਰੀ
ਪਹਿਲਾਂ ਲੰਘਿਆ ਸਮੁੰਦਰੀ ਤੋਤਾ
ਫੇਰ ਲੰਘੀ ਰੰਨਾਂ ਦੀ ਜੋੜੀ
ਘੇਰੀਂ ਵੇ ਮਿੱਤਰਾ-
ਲੰਘਗੀ ਰੰਨਾਂ ਦੀ ਜੋੜੀ


ਰੜਕੇ ਰੜਕੇ ਰੜਕੇ
ਗੈਂ ਪਟਵਾਰੀ ਦੀ
ਦੋ ਲੈ ਗੇ ਚੋਰੜੇ ਫੜਕੇ
ਅੱਧਿਆਂ ਨੂੰ ਚਾਓ ਚੜ੍ਹਿਆ
ਅੱਧੇ ਰੋਂਦੇ ਮੱਥੇ ਹੱਥ ਧਰ ਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਤਾਬਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ


ਗੈਂ ਪਟਵਾਰੀ ਦੀ
ਚਾਰ ਲੈ ਗੇ ਚੋਰੜੇ ਫੜ ਕੇ
ਦੋ ਨੂੰ ਚਾਅ ਚੜ੍ਹਿਆ
ਦੋ ਰੋਣ ਮੱਥੇ ਤੇ ਹੱਥ ਧਰ ਕੇ
310 - ਬੋਲੀਆਂ ਦਾ ਪਾਵਾਂ ਬੰਗਲਾ