ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/316

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦੰਦ ਚਿੱਟੇ ਰੱਖਣ ਦੀ ਮਾਰੀ
ਦੰਦ ਚਿੱਟੇ ਕਿਉਂ ਰਖਦੀ
ਸੋਹਣੀ ਬਣਨ ਦੀ ਮਾਰੀ
ਸੋਹਣੀ ਕਿਉਂ ਬਣਦੀ
ਯਾਰੀ ਲਾਉਣ ਦੀ ਮਾਰੀ
ਸੁਣ ਲੈ ਹੀਰੇ ਨੀ-
ਮੈਂ ਤੇਰਾ ਭੌਰ ਸਰਕਾਰੀ

ਆਰੀ ਆਰੀ ਆਰੀ

ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਪੀ ਸਤਾਰਿਆਂ ਵਾਲ਼ੀ
ਡਿਗਦੀ ਨੂੰ ਡਿਗ ਪੈਣ ਦੇ
ਪਿੰਡ ਚਲਕੇ ਸਮਾਦੂੰ ਚਾਲ਼ੀ
ਵਿਚ ਦਰਵਾਜ਼ੇ ਦੇ-
ਭਬਕਾ ਕੱਢੇ ਫੁਲਕਾਰੀ

ਆਰੀ ਆਰੀ ਆਰੀ

ਹੇਠ ਬਰੋਟੇ ਦੇ
ਇਕ ਫੁੱਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਦੀਆਂ
ਵਿਚ ਕਜਲੇ ਦੀ ਧਾਰੀ
ਜੋੜਾ ਘੁੱਗੀਆਂ ਦਾ
ਉਹਦੀ ਹਿਕ ਤੇ ਕਰੇ ਸਵਾਰੀ
ਰੂਪ ਉਹਨੂੰ ਰੱਬ ਨੇ ਦਿੱਤਾ
ਲੱਕ ਪਤਲਾ ਪੱਟਾਂ ਤੋਂ ਭਾਰੀ
ਨੀਮੀ ਨਜ਼ਰ ਰੱਖੇ
ਸ਼ਰਮ ਹਿਆ ਦੀ ਮਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ

314 - ਬੋਲੀਆਂ ਦਾ ਪਾਵਾਂ ਬੰਗਲਾ