ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਲੁਧਿਆਣੇ ਜੱਟੀ ਨੱਚੇ
ਪਟਿਆਲਾ ਖੜ੍ਹ ਖੜ੍ਹ ਦੇਖਦਾ

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ

ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

ਬੋਲੀਆਂ ਦੇ ਮੈਂ ਖੂਹ ਭਰਦਾਂ

ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਮੈਂ ਸੜਕ ਭਰਾਂ
ਜਿੱਥੇ ਚਲਦੇ ਲੋਕ ਹਜ਼ਾਰਾਂ
ਮਨ ਆਈ ਤੂੰ ਕਰਲੀਂ ਮੇਰੇ ਨਾਲ਼
ਜੇ ਮੈਂ ਬੋਲਣੋਂ ਹਾਰਾਂ
ਗਿੱਧੇ ਵਿਚ ਲੱਚ ਕੁੜੀਏ-
ਤੇਰੇ ਸਿਰ ਤੋਂ ਬੋਲੀਆਂ ਵਾਰਾਂ

ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ

ਰੌਣਕ ਹੋਗੀ ਭਾਰੀ
ਪਹਿਲਾ ਨੰਬਰ ਵਧਗੀ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ-
ਹੁਣ ਤੇਰੇ ਨੱਚਣ ਦੀ ਬਾਰੀ

34——ਬੋਲੀਆਂ ਦਾ ਪਾਵਾਂ ਬੰਗਲਾ