ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ ਵਿਚ ਜਾ ਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਫਸਕੇ
ਤੁਰ ਪਰਦੇਸ ਗਿਉਂ-
ਦਿਲ ਮੇਰੇ ਵਿਚ ਵਸ ਕੇ
ਸਾਉਣ ਮਹੀਨੇ ਬੱਦਲ ਪੈ ਗਿਆ
ਹਲ਼ ਜੋੜ ਕੇ ਜਾਈਂ
ਬਾਰਾਂ ਘੁਮਾਂ ਦਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈਂ
ਨੱਕਿਆਂ ਦਾ ਤੈਨੂੰ ਗ਼ਮ ਨਾ ਕੋਈ
ਨੱਕੇ ਛੱਡਾਂ ਮੈਂ ਤੜਕੇ
ਵੀਰ ਨੂੰ ਵੀ ਮਿਲੇ-
ਵੱਟ ਤੇ ਗੋਪੀਆ ਧਰ ਕੇ
ਘਰ ਤਾਂ ਜਿਨ੍ਹਾਂ ਦੇ ਕੋਲ਼ੋ ਕੋਲ਼ੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋ ਕੋਲ਼ੀ ਮੰਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਉਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਨੰਦ ਕੁਰ ਥਿਆ ਜਾਂਦੀ-
ਪੈਰੀਂ ਝਾਂਜਰਾਂ ਪਾਈਆਂ
ਚਰ੍ਹੀ
ਮੇਰੀ ਡਿਗਪੀ ਚਰੀ ਦੇ ਵਿਚ ਗਾਨੀ
ਚੱਕ ਲਿਆ ਮੋਰ ਬਣ ਕੇ
47 - ਬੋਲੀਆਂ ਦਾ ਪਾਵਾਂ ਬੰਗਲਾ