ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬੜ੍ਹਿਆਂ ਨੂੰ ਮਾਰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਹੁਣ ਦਸ ਬਾਹਮਣੀਏਂ-
ਜਦ ਤਾਂ ਦਿੰਦੀ ਸੀ ਧੱਕੇ

ਦੁਆਬਾ ਤੇ ਜੰਗਲ

ਦੁਆਬੇ ਦੀ ਮੈਂ ਜੰਮੀ ਜਾਈ
ਜੰਗਲ ਵਿਚ ਵਿਆਹੀ
ਦੇਸ-ਵਿਛੁੰਨੀ ਕੂੰਜ ਮੈਂ ਭੈਣੋੋਂ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ ਚੋਂ
ਆਉਣ ਦੀ ਚਿੱਠੀ ਨਾ ਪਾਈ
ਮੁੜ ਪੈ ਸਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ

ਜੰਗਲ ਤੇ ਪੁਆਧ

ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿਚ ਖੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦੀ ਗੁੱਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲ਼ਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ ਕੱਟੇ ਵਗ ਰਲ਼ਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਬੁੱਢੀਏ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ੍ਹ ਭਰਾਵਾਂ ਦੀ
ਕੀਹਨੇ ਕੱਢਣ ਸਖਾਈ

96 - ਬੋਲੀਆਂ ਦਾ ਪਾਵਾਂ ਬੰਗਲਾ