ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੇਰੀ ਚੀਖ਼ ਸੁਣਦਿਆ ਲੋਕੋ ਜਾਗ ਅਤੇ ਸੰਘਰਸ਼ ਵੀ ਕਰ,
ਸੁੱਤਿਆਂ ਸੁੱਤਿਆਂ ਇਹ ਨਾ ਮੁੱਕਣੀ ਗ਼ਮ ਦੀ ਕਾਲੀ ਰਾਤ ਮੀਆਂ।

ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ ਤੇ ਸੁਕਰਾਤ ਮੀਆਂ।

ਇਹ ਸਤਰਾਂ ਉਸ ਯਤਨ ਦੀ ਕਿਰਿਆ ਨਾਲ ਸੰਬੰਧਤ ਹਨ ਜਿਸ ਦਾ ਆਰੰਭ ਵਿਸ਼ਵਾਸ਼, ਦ੍ਰਿੜਤਾ ਤੇ ਧਾਰਨਾ ਤੋਂ ਪਿੱਛੋਂ ਹੁੰਦਾ ਹੈ। ਜਦੋਂ ਸਮੱਸਿਆ ਦੀ ਪਛਾਣ ਹੋ ਜਾਂਦੀ ਹੈ, ਉਦੋਂ ਹੀ ਸੰਬੋਧਨ ਵੀ ਪੈਦਾ ਹੁੰਦਾ ਹੈ। ਉਦੋਂ ਕਵੀ ਚੀਖ਼ ਵੀ ਸਕਦਾ ਹੈ। ਸਰਮਦ ਵੀ ਬਣ ਸਕਦਾ ਹੈ। ਬੁੱਲ੍ਹਾ ਵੀ ਬਣ ਸਕਦਾ ਹੈ। ਇਸੇ ਪ੍ਰਕਿਰਿਆ ਨਾਲ ਜੁੜ ਕੇ ਕਾਵਿ ਬੋਲ ਬੁੱਲ੍ਹੇ ਦੇ ਅੰਦਾਜ਼ ਤੇ ਸ਼ੈਲੀ ਵਿਚ ਢਲਣ ਲੱਗਦੇ ਹਨ:

ਬੱਸ ਕਰ ਜੀ, ਹੁਣ ਬੱਸ ਕਰ ਜੀ।
ਤੂੰ ਆਪਣੀ ਅਕਲ ਨੂੰ ਵੱਸ ਕਰ ਜੀ।
ਦਰਿਆਵਾਂ ਦੇ ਪਾਣੀ ਸ਼ੂਕ ਰਹੇ।
ਅਸੀਂ ਪਾਣੀ ਪਾਣੀ ਕੂਕ ਰਹੇ।
ਨਾ ਕਿਸੇ ਦੇ ਹੱਥ ਬੰਦੂਕ ਰਹੇ।
ਹੋਈ, ਮੁੱਦਤ ਵੇਖਿਆ ਹੱਸ ਕਰ ਜੀ...

ਪੰਜਾਬ ਦੇ ਸੰਤਾਪ ਨਾਲ ਇਕ ਪੱਖ 'ਭਰਮ' ਦਾ ਸੰਬੰਧ ਹੈ ਤੇ ਗੁਰਭਜਨ ਗਿੱਲ ਦੇ ਕਾਵਿ ਵਿਚ 'ਭਰਮ' ਦੀ ਪ੍ਰਕਿਰਿਆ ਵੀ ਇਸੇ ਨਾਲ ਸੰਬੰਧਤ ਹੈ। ਇਸ ਨਾਲ ਵਿਸ਼ਵਾਸ ਦੀ ਅਪੂਰਤੀ, ਅਨਿਰਣਾ, ਉਦਾਸੀ, ਤਣਾਓ ਸੰਬੰਧਤ ਹੁੰਦਾ ਹੈ। ਜੇ ਇਸ ਨੂੰ ਵਿਵਹਾਰਕ ਤੌਰ 'ਤੇ ਸਪਸ਼ਟ ਕੀਤਾ ਜਾਵੇ ਤਾਂ ਗੁਰਭਜਨ ਦੀ ਕਵਿਤਾ ਵਿਚ ਇਕ ਅਹਿਸਾਸ ਹੈ ਕਿ ਪੰਜਾਬ ਉਪਰਲੇ ਰਾਜ-ਪ੍ਰਬੰਧ ਤੋਂ ਜੋ ਆਸ ਰੱਖਦਾ ਹੈ, ਉਸਦੀ ਪੂਰਤੀ ਨਹੀਂ ਹੁੰਦੀ, ਉਹ ਵਿਸ਼ਵਾਸ ਇਕ 'ਭਰਮ' ਸਾਬਤ ਹੁੰਦਾ ਹੈ। ਜਿਸ ਵਿਚੋਂ ਹੀ ਉਸ ਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਉਹ ਗ਼ਜ਼ਲਾਂ ਤੇ ਕਵਿਤਾਵਾਂ ਰਾਹੀਂ ਪੱਥਰਾਂ ਨੂੰ ਪਿਘਲਾ ਸਕਦਾ ਹੈ। ਇਸ ਵਿਚੋਂ ਹੀ ਜੋ ਕਾਵਿ ਰੂਪ ਧਾਰਦਾ ਹੈ ਉਹ ਅਜਿਹਾ ਹੈ:

ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ,
ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ।

ਬੋਲ ਮਿੱਟੀ ਦਿਆ ਬਾਵਿਆ/10