ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਵਗਦੀ ਹਨੇਰੀ ਬੁਝੀ ਦੀਵਿਆਂ ਦੀ ਪਾਲ।
ਆਪਣੇ ਤੂੰ ਘਰ ਦੇ ਚਿਰਾਗਾਂ ਨੂੰ ਸੰਭਾਲ।

ਲੁਕ ਗਈ ਕਿਤਾਬਾਂ ਵਿਚ ਅੱਖਰਾਂ ਦੀ ਭੀੜ,
ਹੱਥ ਵਿਚ ਛੁਰੀ ਚੁੱਕੀ ਫਿਰਦੇ ਚੰਡਾਲ।

ਵਰ੍ਹਦੀਆਂ ਗੋਲੀਆਂ ਦਾ ਹੋਵੇ ਜਦੋਂ ਭੇੜ,
ਨੇਰ੍ਹੇ ਵਿਚ ਕੌਣ ਵੇਖੇ ਕੌਣ ਕੀਹਦੇ ਨਾਲ।

ਧਰਮਾਂ ਰਿਆਸਤਾਂ ਸਿਆਸਤਾਂ ਦੀ ਲੋੜ,
ਹਰ ਵੇਲੇ ਟਾਲ ਦੇਣਾ ਰੋਟੀ ਦਾ ਸੁਆਲ।

ਲੁਕ ਛਿਪ ਜਾਓ ਕੂਕਦੀ ਫਿਰੇ ਇਹ ਪੌਣ,
ਖੌਰੇ ਕਿਹਦੇ ਸਿਰ ਚੜ੍ਹ ਬੋਲ ਪਵੇ ਕਾਲ।

ਇਕ ਦਿਨ ਦਿਨ ਹੁਣ ਬੀਤਦਾ ਹੈ ਇੰਝ,
ਮੋਈ ਮਾਂ ਨੂੰ ਚੁੰਘੇ ਜਿਵੇਂ ਨਿੱਕਾ ਜਿਹਾ ਬਾਲ।

ਤੇਰੀਆਂ ਕਮਾਈਆਂ ਮਿੱਟੀ ਵਿਚ ਰੁਲ ਗਈਆਂ,
ਉੱਠ ਪੱਗ ਵਾਲਿਆ ਤੂੰ ਪੱਗੜੀ ਸੰਭਾਲ।

ਬੋਲ ਮਿੱਟੀ ਦਿਆ ਬਾਵਿਆ /102