ਗ਼ਜ਼ਲ
ਜੀਅ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।
ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ-ਵਲੱਲੀਆਂ ਹੂ।
ਏਸ ਨਗਰ ਬਨਵਾਸੀ ਬਣ ਗਏ ਰੋਜ਼ੀ ਖ਼ਾਤਰ ਆਏ ਸਾਂ,
ਪਿੱਛੇ ਰੋਜ਼ ਉਡੀਕਦੀਆਂ ਨੇ ਮਾਵਾਂ ਕੱਲ-ਮ-ਕੱਲ੍ਹੀਆਂ ਹੂ।
ਅੰਬਰ ਵਿਚੋਂ ਤਾਰਾ ਟੁੱਟ ਕੇ ਖ਼ੌਰੇ ਕਿੱਥੇ ਗਰਕ ਗਿਆ,
ਚੁੰਨੀਆਂ ਰੋਣ ਦੁਹੱਥਣ ਪਿੱਟਣ ਹੋ ਗਈਆਂ ਨੇ ਝੱਲੀਆਂ ਹੂ।
ਕੂੰਜਾਂ ਉੱਡੀਆਂ ਦੂਰ ਦੇਸ ਨੂੰ ਬੱਚੇ ਦੇ ਕੇ ਮੁੜੀਆਂ ਨਾ,
ਖ਼ਾਲਮ-ਖ਼ਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲ-ਮ-ਟੱਲੀਆਂ ਹੂ।
ਤਪਦਾ ਤਨ ਮਨ ਵੰਝਲੀ ਦੇ ਵਿਚ ਕਿੱਥੋਂ ਮਿੱਠੀ ਤਾਨ ਭਰੇ,
ਬੇਲਿਆਂ ਦੇ ਵਿਚ ਲਾਸ਼ਾਂ ਵਿਛੀਆਂ ਚੀਕਾਂ ਜੂਹਾਂ ਮੱਲੀਆਂ ਹੂ।
ਤੇਰੇ ਭਾਣੇ ਇਕ ਸਿਵਾ ਬਲ ਬੁਝ ਕੇ ਜਲ ਪ੍ਰਵਾਹ ਹੋਵੇ,
ਇਹ ਵੀ ਦੇਖ ਤੂੰ ਕਿਥੋਂ ਤੀਕਰ ਮੱਚਦੀਆਂ ਤਰਥੱਲੀਆਂ ਹੂ।
ਫੂਹੜੀ ਉਤੇ ਬਹਿ ਕੇ ਉਹ ਅਫ਼ਸੋਸ ਕਰੇ ਤੇ ਮੁੜ ਜਾਵੇ,
ਕਾਤਲ ਦਾ ਮਸ਼ਗੂਲਾ ਵੇਖੋ ਦੇਵੇ ਆਪ ਤਸੱਲੀਆਂ ਹੂ।
ਜਿੱਧਰ ਵੇਖਾਂ ਹਰ ਥਾਂ ਅੱਗਾਂ ਧਰਤੀ ਦੀ ਹਰਿਔਲ ਸੜੇ,
ਠੰਡੀਆਂ ਪੌਣਾਂ ਰੱਬ ਡਾਢੇ ਨੇ ਕਿਹੜੇ ਦੇਸੀਂ ਘੱਲੀਆਂ ਹੂ।
●
ਬੋਲ ਮਿੱਟੀ ਦਿਆ ਬਾਵਿਆ /103