ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜਦੋਂ ਦੇ ਜੰਗਲੀ ਬੂਟੇ ਨੇ ਸ਼ਹਿਰੀ ਹੱਥ ਲੱਗੇ ਨੇ,
ਉਦੋਂ ਦੀ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ਵਿਚ।

ਵਗਦੀ ਨਦੀ ਦੇ ਠੰਢੇ ਨੀਰ,
ਰਾਜਿਓ ਕਿੱਧਰ ਗਏ।
ਭੈਣਾਂ ਦੇ ਸੋਹਣੇ ਸੋਹਣੇ ਵੀਰ,
ਰਾਜਿਓ ਕਿਧਰ ਗਏ?

ਜਦੋਂ ਇਹ 'ਭਰਮ' ਟੁੱਟਦਾ ਹੈ ਤਾਂ ਫਿਰ ਦ੍ਰਿੜਤਾ ਤੇ ਵਿਸ਼ਵਾਸ, ਯਤਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਇਸੇ ਲਈ ਇਹ ਚੇਤਨਾ ਦੇ ਹੀ ਦੋ ਅਜਿਹੇ ਪੱਖ ਹਨ, ਜੋ ਉਸ ਦੀ ਸਿਰਜਣ ਪ੍ਰਕਿਰਿਆ ਨਾਲ ਸੰਬੰਧਤ ਹਨ। ਅਜਿਹੀ ਚੇਤਨਾ ਪੰਜਾਬ ਬਾਰੇ ਲਿਖੀ ਕਾਫ਼ੀ ਕਵਿਤਾ ਨਾਲ ਸੰਬੰਧਤ ਹੈ। ਪਰ ਗੁਰਭਜਨ ਗਿੱਲ ਦੇ ਇਸ ਸੰਗ੍ਰਹਿ ਦੀ ਜੋ ਵੱਡੀ ਵਿਸ਼ੇਸ਼ਤਾ ਹੈ, ਉਸਦਾ ਸੰਬੰਧ ਉਸਦੀ ਕਾਵਿ-ਵਿਧਾ ਨਾਲ ਹੈ, ਉਸ ਵਿਚ ਉਹ ਚੇਤੰਨ ਤੌਰ 'ਤੇ ਜਦੋਂ ਉਸ ਲੋਕ-ਕਾਵਿ 'ਤੇ ਪਰੰਪਰਾ ਦਾ ਅੰਗ ਬਣ ਚੁੱਕੇ ਕਾਵਿ ਦੀ ਸ਼ੈਲੀ ਤੇ ਰੂਪ ਅਪਣਾਉਂਦਾ ਹੈ ਤਾਂ ਉਹ ਇਸ ਸੰਗ੍ਰਹਿ ਦਾ ਚਰਚਿਤ ਕਾਵਿ ਸਿਰਜਦਾ ਹੈ। ਉਸਨੇ ਪੰਜਾਬ ਦੀ ਉਸ ਪੀੜਾ ਨੂੰ ਲਿਆ ਹੈ, ਜੋ ਲੋਕ ਸਮੂਹ ਨਾਲ ਪਿੰਡਾਂ ਤੱਕ ਸਾਧਾਰਨ ਬੰਦਿਆਂ ਤੱਕ ਜ਼ੱਰ੍ਹੇ ਜ਼ੱਰ੍ਹੇ ਨਾਲ ਸੰਬੰਧਤ ਹੈ ਤੇ ਉਹ ਉਸ ਪੀੜ ਨੂੰ ਨਵੇਂ ਲੋਕ ਗੀਤਾਂ ਵਿਚ ਢਾਲ ਦਿੰਦਾ ਹੈ, ਉਨ੍ਹਾਂ ਨੂੰ ਲੋਕਾਂ ਵੱਲ ਤੋਰ ਦਿੰਦਾ ਹੈ, ਕੱਲ੍ਹ ਨੂੰ ਇਹੀ ਸਤਰਾਂ ਲੋਕ ਪਿੜਾਂ ਦਾ ਹਿੱਸਾ ਬਣ ਜਾਣਗੀਆਂ:

ਕਿਕਲੀ ਕਲੀਰ ਦੀ ਬਈ ਕਿਕਲੀ ਕਲੀਰ ਦੀ।
ਲੀਰੋ ਲੀਰੋ ਚੁੰਨੀ ਮੇਰੀ ਪਾਟੀ ਪੱਗ ਵੀਰ ਦੀ।

ਖੰਭ ਖਿੱਲਰੇ ਨੇ ਕਾਵਾਂ ਦੇ।
ਰੋਕ ਲਉ ਨਿਸ਼ਾਨੇਬਾਜ਼ੀਆਂ,
ਪੁੱਤ ਮੁੱਕ ਚੱਲੇ ਮਾਵਾਂ ਦੇ।

ਇਉਂ ਗੁਰਭਜਨ ਗਿੱਲ ਜਿਸ ਰੂਪ ਵਿਚ ਪ੍ਰਗੀਤਕ-ਕਾਵਿ ਦੀ ਇਸ ਸੰਗ੍ਰਹਿ ਵਿਚ ਸਿਰਜਣਾ ਕਰਦਾ ਹੈ, ਉਹ ਸਭ ਤੋਂ ਧਿਆਨਯੋਗ ਹੈ। ਪਹਿਲਾਂ ਵੀ ਕਈ ਵਾਰ ਆਧੁਨਿਕ ਕਵੀਆਂ ਨੇ ਇਹ ਯਤਨ ਕੀਤਾ ਹੈ ਕਿ ਉਹ ਲੋਕ-ਕਾਵਿ ਜਾਂ ਲੋਕ ਗੀਤਾਂ ਦੀ ਸ਼ੈਲੀ ਵਿਚ ਪ੍ਰਗੀਤਕ ਕਾਵਿ ਦੀ ਰਚਨਾ ਕਰਨ,

ਬੋਲ ਮਿੱਟੀ ਦਿਆ ਬਾਵਿਆ/11