ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੋਲ ਮਿੱਟੀ ਦਿਆ ਬਾਵਿਆ

ਬੋਲ ਮਿੱਟੀ ਦਿਆ ਬਾਵਿਆ।
ਤੇਰਾ ਹਾਸਾ ਕਿਸ ਨੇ ਖਾ ਲਿਆ।

ਤੂੰ ਡਰਦਾ ਏਂ ਜਾਂ ਸੋਚ ਰਿਹੈਂ,
ਤੂੰ ਸੋਚ ਰਿਹੈ ਜਾਂ ਮਰ ਚੁਕਿਐਂ,
ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ।

ਤੂੰ ਲੀਰੋ ਲੀਰ ਕਿਤਾਬ ਜਿਹਾ।
ਕਿਸੇ ਗੋਲੀ ਵਿੰਨ੍ਹੇ ਉਕਾਬ ਜਿਹਾ।
ਕੋਈ ਚੰਦਰਾ ਸੁਪਨਾ ਤੱਕਿਆ ਹੈ...?

ਤੂੰ ਉੱਜੜਿਆਂ ਖੂਹ ਕੋਈ ਵੇਖਿਆ ਹੈ,
ਜਾਂ ਪੁੱਠਾ ਚੱਕਰ ਟਿੰਡਾਂ ਦਾ।
ਕਿਤੇ ਖੱਲੜੀ ਲਹਿੰਦੀ ਵੇਖੀ ਆ,
ਜਾਂ ਉੱਤਰਿਆ ਮੂੰਹ ਪਿੰਡਾਂ ਦਾ।
ਤੂੰ ਕਾਹਤੋਂ ਹੈਂ ਉਪਰਾਮ ਜਿਹਾ,
ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ।

ਜੋ ਚਾਨਣ ਦਾ ਰਖ਼ਵਾਲਾ ਸੀ,
ਉਹਦੇ ਆਲ ਦੁਆਲ ਹਨ੍ਹੇਰੇ ਨੇ।
ਜੋ ਆਪ ਉਸਾਰਨ ਵਾਲਾ ਸੀ,
ਉਹਦੇ ਢਹਿੰਦੇ ਜਾਣ ਬਨੇਰੇ ਨੇ।
ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ।
ਤੇਰੇ ਬੋਲਾਂ ਨੂੰ ਕਿਸ ਖਾ ਲਿਆ।

ਬੋਲ ਮਿੱਟੀ ਦਿਆ ਬਾਵਿਆ/15