ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਛਤਾਵੇ ਤੋਂ ਪਹਿਲਾਂ

ਆਓ ਕਿਤਾਬਾਂ ਪੜ੍ਹੀਏ!
ਜਿੰਨ੍ਹਾਂ ਦੇ ਵਿਚ ਮਾਵਾਂ ਦੀਆਂ ਲੋਰੀਆਂ, ਅਹਿਸਾਸ ਨੇ।
ਚੁੱਪ ਕੀਤੇ ਹਾਉਕਿਆਂ ਵਿਚ ਬੀਤ ਗਏ ਇਤਿਹਾਸ ਨੇ।

ਆਓ ਸਫ਼ੇ ਪਲਟੀਏ।
ਜਿੰਨ੍ਹਾਂ ਦੇ ਵਿਚ ਸਾਡੀਆਂ ਰੀਝਾਂ ਤੇ ਸੁਪਨੇ ਸੰਸਕਾਰ।
ਕਤਲ ਹੋਏ ਬਾਰ-ਬਾਰ।
ਹਰ ਇਕ ਅੱਖਰ ਮਿੱਤਰ-ਮਾਰ।
ਉੱਡਦੇ ਖੰਭਾਂ ਦੀ ਡਾਰ
ਇਨ੍ਹਾਂ ਸਫ਼ਿਆਂ ਦਾ ਚਲੋ ਹੁਣ ਭੋਗ ਪਾਈਏ।
ਅੱਗੇ ਆਈਏ।
ਆਉ ਮਿੱਤਰੋ ਗੀਤ ਗਾਈਏ।

ਜਿੰਨ੍ਹਾਂ ਦੇ ਵਿਚ ਗੁਟਕਦੀਆਂ ਘੁੱਗੀਆਂ ਦੀ ਪ੍ਰਵਾਜ਼ ਹੈ।
ਸੰਘ ਦੇ ਵਿਚ ਅਟਕੀ ਹੋਈ ਦਿਲਾਂ ਦੀ ਆਵਾਜ਼ ਹੈ।
ਏਸ ਪਲ ਤਾਂ ਦਿਲ ਦੀ ਧੜਕਣ ਹੀ ਸੁਰੀਲਾ ਸਾਜ਼ ਹੈ।
ਧੜਕਣਾਂ ਲਬਰੇਜ਼ ਸੁੱਚੇ ਗੀਤ ਗਾਈਏ।

ਸਾਜ਼ ਤੇ ਆਵਾਜ਼ ਦਾ ਸੁਰ-ਮੇਲ ਕਰੀਏ।
ਸੁੰਨੇ ਸਫ਼ਿਆਂ ਵਿਚ ਸੂਹੇ ਰੰਗ ਭਰੀਏ।
ਆਪਣੀ ਆਵਾਜ਼ ਤੋਂ ਆਪੇ ਨਾ ਡਰੀਏ।
ਅੱਜ ਜੇ ਪਰਛਾਵਿਆਂ ਤੋਂ ਖ਼ੁਦ ਡਰਾਂਗੇ।
ਕੱਲ੍ਹ ਨੂੰ ਪਛਤਾਵਿਆਂ ਨੂੰ ਕੀ ਕਰਾਂਗੇ।

ਬੋਲ ਮਿੱਟੀ ਦਿਆ ਬਾਵਿਆ/19