ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਵਾਂ ਭੈਣਾਂ ਉਦਾਸ ਨੇ

ਮਾਵਾਂ ਬਹੁਤ ਉਦਾਸ ਨੇ।
ਜਿੰਨ੍ਹਾਂ ਦੇ ਪੁੱਤਰ ਘਰੀਂ ਨਹੀਂ ਪਰਤੇ,
ਜੰਗਲਾਂ ਦੇ ਰਾਹ ਤੁਰ ਪਏ ਨੇ।

ਮਾਵਾਂ ਬਹੁਤ ਉਦਾਸ ਨੇ।
ਜਿੰਨ੍ਹਾਂ ਨੇ ਕੱਚੀ ਉਮਰੇ,
ਸੋਹਣੇ ਲੀੜੇ ਪਾ ਕੇ,
ਪੁੱਤਰ ਸਕੂਲੇ ਤੋਰੇ ਸਨ।
ਸਕੂਲਾਂ ਤੋਂ ਕਾਲਜਾਂ ਵਿਚ,
ਤੇ ਕਾਲਜਾਂ ਤੋਂ...
ਉਹ ਅੰਨ੍ਹੇ ਖੂਹ ਵੱਲ ਕਿਉਂ ਤੁਰ ਗਏ?

ਭੈਣਾਂ ਬਹੁਤ ਉਦਾਸ ਨੇ।
ਰੱਖੜੀਆਂ ਵਾਲੇ ਗੁੱਟ ਉਡੀਕਦੀਆਂ,
ਘਰੀਂ ਬੈਠੀਆਂ ਸੋਚਦੀਆਂ ਨੇ।
ਇਹ ਕੈਸੀ ਲਾਮ ਲੱਗੀ ਹੈ,
ਨਾ ਵੀਰ ਮੁੜੇ ਨੇ,
ਨਾ ਸੂਹੇ ਚੀਰੇ ਵਾਲਾ।
ਉਹ ਕਾਲੇ ਜੰਗਲ ਵੱਲ ਕਿਉਂ ਤੁਰ ਗਏ?

ਧਰਤੀ, ਮਾਂ, ਰੁੱਖ, ਚਿੜੀਆਂ ਪਰਿੰਦੇ,
ਰੌਣਕਾਂ ਮੰਗਦੇ ਨੇ।
ਮਾਵਾਂ ਪੁੱਤ ਲੱਭਦੀਆਂ ਨੇ।
ਤੇ ਭੈਣਾਂ ਵੀਰ
ਸਾਰੇ ਅੰਨ੍ਹੇ ਖੂਹ ਵੱਲ ਕਿਉਂ ਤੁਰ ਗਏ?

ਬੋਲ ਮਿੱਟੀ ਦਿਆ ਬਾਵਿਆ/20