ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਲੀ ਬਾਰਸ਼
(ਇਰਾਕ- ਅਮਰੀਕਾ ਦੀ ਜੰਗ ਦੇ ਪ੍ਰਭਾਵ)

ਕਾਲੀਆਂ ਜੀਭਾਂ ਵਾਲਿਆਂ ਜਦ ਦੀ ਜੰਗ ਲਾਈ ਹੈ,
ਕਾਲੇ ਰੰਗ ਦਾ ਮੀਂਹ ਵਰ੍ਹਦਾ ਹੈ।

ਤੇਲ ਦਿਆਂ ਖੂਹਾਂ ਨੂੰ ਅੱਗ ਦੀ ਭੇਟਾ ਕਰਕੇ।
ਧੂੰਆਂ ਧੂੰਆਂ ਕੀਤਾ, ਇਕ ਦੂਜੇ ਤੋਂ ਡਰ ਕੇ।
ਗੋਰੀ ਚਮੜੀ ਨੇ ਜਿੱਦਣ ਦੀ ਅੱਗ ਲਾਈ ਹੈ।

ਇਕ ਦੂਜੇ ਦੀ ਜਾਨ ਦੇ ਵੈਰੀ,
ਦੋਵੇਂ ਹਲਕੇ ਹੋਏ ਕੁੱਤੇ।
ਅਕਲਾਂ ਵਾਲੇ ਕਿੱਥੇ ਸੁੱਤੇ?

ਧਰਮ ਰਿਆਸਤ ਤੀਜੀ ਗੋਲੀ।
ਤਿੰਨਾਂ ਰਲ ਕੇ ਜ਼ਿੰਦਗੀ ਰੋਲੀ।

ਕਾਲੀ ਬਾਰਸ਼ ਵੱਸਦੇ ਰਸਦੇ ਘਰਾਂ ਤੇ ਵਰ੍ਹਦੀ।
ਪਲ ਵਿਚ ਹੱਸਦੇ ਚਿਹਰੇ ਵਿਹੜੇ ਖੰਡਰ ਕਰਦੀ।
ਕਾਲੀ ਬਾਰਸ਼ ਅੱਗ ਤੋਂ ਗੋਲੀ ਤੋਂ ਨਾ ਡਰਦੀ।
ਕਾਲੀ ਬਾਰਸ਼ ਕਾਲੇ ਮਨ ਦੀ ਬੁਰਛਾ ਗਰਦੀ।

ਅਕਲ ਹੀਣਿਓਂ! ਕਾਲੇ ਮਨ ਦੇ ਗੋਰੇ ਲੋਕੋ।
ਨਵ-ਜਨਮੇ ਬਾਲਾਂ ਦੇ ਚਿਹਰੇ ਵੱਲ ਤਾਂ ਵੇਖੋ।
ਸੋਚੋ! ਕਿੱਸਰਾਂ ਕਾਲੇ ਮੀਂਹ ਵਿਚ ਬਾਹਰ ਆਉਣਗੇ?
ਕਿੰਝ ਧਰਤੀ ਤੇ ਪੈਰ ਪਾਉਣਗੇ?

ਬੋਲ ਮਿੱਟੀ ਦਿਆ ਬਾਵਿਆ/21