ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਲਤੂ ਬਿੱਲੀਆਂ

ਇਹ ਜੋ ਦੋਧੇ ਵਸਤਰਾਂ ਵਾਲੀਆਂ,
ਸੰਸਦ ਭਵਨ ਦੀਆਂ ਕੁਰਸੀਆਂ 'ਤੇ,
ਟਪੂਸੀਆਂ ਮਾਰੀਆਂ ਫਿਰਦੀਆਂ ਹਨ।
ਸਭ ਪਾਲਤੂ ਬਿੱਲੀਆਂ ਹਨ।

ਇਹ ਸਭ ਦੁੱਧ ਪੀਣੀਆਂ ਹਨ।
ਬੇਗਾਨਾ ਦੁੱਧ ਪੀ ਕੇ ਮੁੱਛਾਂ ਪੂੰਝਦੀਆਂ,
ਲਿੱਸੇ ਨੂੰ ਘੂਰਦੀਆਂ,
ਤਕੜੇ ਤੋਂ ਤ੍ਰਹਿੰਦੀਆਂ,
ਟਿਕ ਕੇ ਨਾ ਬਹਿੰਦੀਆਂ,
ਇਹ ਸਭ ਪਾਲਤੂ ਬਿੱਲੀਆਂ ਹਨ।

ਰਾਜ ਸਿੰਘਾਸਨ 'ਤੇ ਕਬਜ਼ੇ ਲਈ,
ਇਹ ਕੁਝ ਵੀ ਕਰ ਸਕਦੀਆਂ ਹਨ।
ਆਪਣੀਆਂ ਨਹੁੰਦਰਾਂ ਨਾਲ,
ਦੇਸ਼ ਦੇ ਨਕਸ਼ੇ ਨੂੰ, ਲੀਰੋ ਲੀਰ ਕਰ ਸਕਦੀਆਂ ਹਨ।
ਕੌਮੀ ਝੰਡੇ ਨੂੰ ਤਾਰੋ ਤਾਰ।
ਮੁੱਕਦੀ ਗੱਲ, ਕੁਰਸੀ ਤੱਕ ਪਹੁੰਚਣ ਲਈ,
ਆਪਣੇ ਪੁੱਤਰਾਂ, ਧੀਆਂ ਦੀ ਲਾਸ਼ ਨੂੰ ਵੀ,
ਪੌੜੀ ਬਣਾ ਸਕਦੀਆਂ ਹਨ।

ਬੋਲ ਮਿੱਟੀ ਦਿਆ ਬਾਵਿਆ/25