ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਪਨੇ ਨਹੀਂ ਬਦਲਦੇ
ਸ. ਜਗਦੇਵ ਸਿੰਘ ਜੱਸੋਵਾਲ ਦੇ ਨਾਂ

ਤੁਸੀਂ ਕਿਤੇ ਵੀ ਤੁਰੇ ਫਿਰੋ,
ਸੁਪਨੇ ਨਹੀਂ ਬਦਲਦੇ।

ਓਹੀ ਪਿੰਡ ਕੱਚੇ ਪਹੇ ਫਿਰਨੀਆਂ,
ਅਲਕ ਵਹਿੜਕੇ ਮੌਲੇ ਬਲਦ,
ਮਾਰਨ ਖੰਡੀਆਂ ਗਾਈਆਂ,
ਫੰਡਰ ਝੋਟੀਆਂ ਭੂਤਰੇ ਸਾਨ੍ਹ,
ਸੁਪਨਿਆਂ 'ਚ ਖ਼ੌਰੂ ਪਾਉਂਦੇ ਫਿਰਦੇ ਹਨ।

ਤੁਸੀਂ ਕਿਤੇ ਵੀ ਚਲੇ ਜਾਓ,
ਬਚਪਨ 'ਚ ਵੇਖੀਆਂ,
ਦੁੱਧ ਰਿੜਕਦੀਆਂ ਸਵਾਣੀਆਂ,
ਚਾਟੀਆਂ ਮਧਾਣੀਆਂ,
ਦੰਦਾਂ ਤੋਂ ਬਗੈਰ ਦਾਦੀ,
ਪਾਉਂਦੀ ਏ ਕਹਾਣੀਆਂ।
ਕਦਮ ਕਦਮ ਤੁਹਾਡੇ ਨਾਲ ਤੁਰਦੀ।

ਤੁਸੀਂ ਚਾਹੇ ਆਪਣੇ ਪਿੰਡ ਬਸੰਤਕੋਟ ਹੋਵੋ,
ਦਿੱਲੀ, ਸ਼ਿਮਲੇ ਜਾਂ ਕਸ਼ਮੀਰ,
ਯੋਰਪ ਜਾਂ ਅਮਰੀਕਾ ਦੇ ਕਿਸੇ ਸ਼ਹਿਰ,
ਸੁਪਨਿਆਂ ਦੀ ਗਹਿਰ
ਤੁਹਾਡੇ ਅੰਗ ਸੰਗ ਰਹਿੰਦੀ ਹੈ।

ਬੋਲ ਮਿੱਟੀ ਦਿਆ ਬਾਵਿਆ/26