ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਹਰੇ, ਸਿੱਖਿਆ ਸਿੱਠਣੀਆਂ, ਰੰਗ ਰਾਗ ਬਦਲ ਗਏ ਨੇ।
ਪਿੰਡ ਵੱਸਦੇ ਲਾਗੀਆਂ ਦੇ ਲਾਗ ਬਦਲ ਗਏ ਨੇ।

ਕਿੰਨਾ ਕੁਝ ਹਾਲੇ ਬਦਲ ਰਿਹਾ ਹੈ,
ਹਰ ਰੋਜ਼ ਰਿਸ਼ਤੇ ਬਦਲ ਰਹੇ ਹਨ।
ਰੁੱਖ ਰੁੱਖਾਂ ਨੂੰ ਘੂਰਦੇ ਹਨ,
ਤੇ ਮਨੁੱਖ ਮਨੁੱਖਾਂ ਨੂੰ।
ਰੋਜ਼ ਦੀ 'ਠਾਹ ਠਾਹ' ਤੋਂ ਡਰਦੇ,
ਪੰਛੀਆਂ ਦੇ ਆਲ੍ਹਣੇ ਬਦਲ ਗਏ ਨੇ।
ਆਲ੍ਹਣਿਆਂ ਵਾਲੇ ਹੁਣ ਘਰਾਂ 'ਚ ਉੱਗੇ ਰੁੱਖਾਂ ਤੇ ਨਹੀਂ,
ਮੜ੍ਹੀਆਂ ਮਸਾਣਾਂ 'ਚ ਉੱਗੇ ਰੁੱਖਾਂ ਤੇ ਰਹਿੰਦੇ ਨੇ।

ਕਿੰਨਾ ਕੁਝ ਬਦਲ ਗਿਆ ਹੈ।
ਘੁੱਗੀਆਂ ਦੇ ਆਂਡੇ ਹੁਣ 'ਕਾਂ' ਨਹੀਂ,
'ਸਹਿਮ' ਪੀ ਜਾਂਦਾ ਹੈ।
ਘੁੱਗੀਆਂ ਸਹਿਮ 'ਤੇ ਬੇਬਸੀ ਭੋਗ ਰਹੀਆਂ ਨੇ।

ਸਾਡੇ ਵੇਖਦੇ ਵੇਖਦੇ ਹੀ,
ਸੱਜਣਾਂ ਦੇ ਨੈਣ ਨਕਸ਼,
ਰੂਪ ਰੰਗ, ਆਚਾਰ, ਵਿਚਾਰ,
ਦੁਸ਼ਮਣਾਂ ਦੇ ਕਾਰ ਵਿਹਾਰ,
ਕਿੰਨਾ ਕੁਝ ਬਦਲ ਗਿਆ ਹੈ,
ਆਪਣੇ ਤੇ ਬੇਗਾਨੇ ਵਿਚਕਾਰ,
ਹੁਣ 'ਕਿਰਦਾਰ' ਹੀ ਨਹੀਂ,
'ਨੁਹਾਰ' ਦੀ ਲੀਕ ਪੈ ਗਈ ਹੈ।

ਬੋਲ ਮਿੱਟੀ ਦਿਆ ਬਾਵਿਆ/29