ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਤਾਂ ਹੋਰ,
ਕਈ ਵਾਰ ਤਾਂ ਆਪਣੇ ਹੀ ਖਿਲਾਫ਼ ਲੜਨ ਨੂੰ ਜੀਅ ਕਰਦਾ ਹੈ।
ਜਦ ਰੂਹਾਂ ਤੇ ਰਿਸ਼ਤਿਆਂ ਨੂੰ,
'ਨੁਹਾਰ' ਦੇ ਫ਼ਰਕ ਸਦਕਾ,
ਆਪਣਾ ਮੰਨਣ ਤੋਂ ਇਨਕਾਰ ਕਰਦਾ ਹਾਂ।

ਸਾਡੇ ਆਪਣੇ ਵੇਖਦਿਆਂ,
ਕਿੰਨਾ ਕੁਝ ਬਦਲ ਗਿਆ ਹੈ।
ਚੌਂਕ ਵਿਚ ਹੁਣ ਇਕੱਲੀ ਬੱਤੀ ਨਹੀਂ,
ਬੱਤੀ ਬੰਦੂਕਾਂ ਦਾ ਪਹਿਰਾ ਰਹਿੰਦਾ ਹੈ।
ਕੀ ਪਤਾ?
ਕੋਈ 'ਆਪਣਾ' ਕਦੋਂ ਬੇਗਾਨਾ ਬਣ ਜਾਏ।

ਦੁੱਖ ਇਸ ਗੱਲ ਦਾ ਨਹੀਂ,
ਕਿ ਇਹ ਸਾਰਾ ਕੁਝ ਕਿਉਂ ਬਦਲਿਆ ਹੈ।
ਦੁੱਖਾਂ ਤਾਂ ਇਹ ਹੈ ਕਿ
ਇਹ ਸਾਰਾ ਕੁਝ ਸਾਡੇ ਵੇਖਦਿਆਂ ਬਦਲਿਆ ਹੈ।
ਨਾ ਚਾਹੁੰਦੇ ਹੋਏ ਸਾਡੇ ਹੁੰਦੇ ਸੁੰਦੇ ਬਦਲਿਆ ਹੈ।

ਪਰ ਸਾਨੂੰ ਇਹ ਵੀ ਪਤਾ ਹੈ,
ਕਿ ਇਹ ਸਾਰਾ ਕੁਝ,
ਸਾਡੇ ਚੁੱਪ ਰਹਿਣ ਦੀ ਵਜ੍ਹਾ ਕਰਕੇ,
'ਹੌਲੀ ਬੋਲਣ' ਕਰਕੇ ਬਦਲਿਆ ਹੈ।
ਨਹੀਂ ਤਾਂ ਏਨਾ ਵੀ ਕੀ ਆਖ?
ਕਿ ਆਪਣਾ ਹੀ 'ਮਨ' ਆਪਣੇ 'ਆਖੇ' ਨਾ ਲੱਗੇ।
ਕਿ 'ਨੁਹਾਰ' ਕਿਰਦਾਰ ਤੇ ਹਾਵੀ ਹੋ ਕੇ,
ਸਾਡੀ ਹੀ ਹੋਂਦ ਤੇ ਸੁਹਾਗਾ ਮਾਰਦੀ ਫਿਰੇ।

ਬੋਲ ਮਿੱਟੀ ਦਿਆ ਬਾਵਿਆ/30