ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ

ਅੱਜ ਕੱਲ੍ਹ,
ਆਦਮੀ ਜਦੋਂ ਮਰਦਾ ਹੈ।
ਉਸ ਕੋਲ ਕੋਈ ਨਹੀਂ ਹੁੰਦਾ,
ਸਿਵਾ ਲੋਹੇ ਦੀ ਗੋਲੀ ਦੇ।
ਜੋ ਉਹਦੇ ਆਰ ਪਾਰ,
ਆਂਦਰਾਂ ਸਣੇ ਚੀਰ ਜਾਂਦੀ ਹੈ।

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ,
ਉਸ ਦੇ ਆਲੇ ਦੁਆਲੇ।
ਸਿਰਫ਼ 'ਸਹਿਮ' ਹੁੰਦਾ ਹੈ।
ਜੋ ਉਹਦੀ 'ਰੱਤ' ਨੂੰ,
ਮਰਨ ਤੋਂ ਪਹਿਲਾਂ ਹੀ ਚੂਸ ਲੈਂਦਾ ਹੈ।

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ,
ਤਾਂ ਉਹ ਨੂੰ ਸਿਰਫ਼ ਘਰ ਜੀਅ ਹੀ ਰੋਂਦੇ ਹਨ।
ਬਾਕੀਆਂ ਲਈ ਤਾਂ ਮਰਨ ਵਾਲਾ ਮਹਿਜ਼ ‘ਅੰਕੜਾ' ਹੈ।
ਕੋਈ ਟਾਵਾਂ ਟੱਲਾ ਹੀ ‘ਸ਼ਹੀਦ’ ਹੈ।

ਸ਼ਹੀਦ! ਜਿਸਦੀ ਮੜ੍ਹੀ ਤੇ ਹਰ ਵਰ੍ਹੇ ਦੀਵਾ ਜਗਦਾ ਹੈ।
ਬਾਕੀ ਸਾਰਾ ਸਾਲ ਉਹ ਕਿਸੇ ਦਾ ਕੀ ਲੱਗਦਾ ਹੈ।

ਅੱਜ ਕੱਲ੍ਹ ਜਦੋਂ ਆਦਮੀ ਮਰਦਾ ਹੈ,
ਉਹ 'ਆਦਮੀ' ਨਹੀਂ,
'ਕੁੱਤਾ ਬਿੱਲਾ' ਬਣ ਜਾਂਦਾ ਹੈ।

ਬੋਲ ਮਿੱਟੀ ਦਿਆ ਬਾਵਿਆ/31