ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸਦੀ ਲਾਸ਼ ਤੇ ਗਿਰਝਾਂ ਝਪਟਦੀਆਂ ਹਨ।
ਪਹਿਲਾਂ ਹੀ ਅੰਬਰ 'ਤੇ ਤੈਰਦੀਆਂ,
ਉਹ ਧਰਤੀ ਤੇ ਨਿਗ੍ਹਾ ਰੱਖਦੀਆਂ ਹਨ।
ਕਿ ਕਿਹੜੇ ਘਰ ਵੱਲ,
ਚਿੱਟੀਆਂ ਚੁੰਨੀਆਂ ਦਾ ਹਜ਼ੂਮ ਗਿਆ ਹੈ।

ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ,
ਉਹ ਕਿਸੇ ਲਈ 'ਗਰਾਂਟ' ਬਣ ਜਾਂਦਾ ਹੈ।
ਕਿਸੇ ਲਈ ਇਨਾਮ ਜਾਂ 'ਤਰੱਕੀ ਦੀਆਂ ਫ਼ੀਤੀਆਂ'।
ਅੱਜ ਕੱਲ੍ਹ 'ਆਦਮੀ' ਨਹੀਂ,
'ਸ਼ਿਕਾਰ' ਮਰਦਾ ਹੈ।

ਅੱਜ ਕੱਲ੍ਹ ਜੀਣਾ ਬਹੁਤ ਕਠਿਨ ਹੈ,
ਤੇ ਮਰਨਾ ਬਹੁਤ ਸੌਖਾ।
ਸਾਰੇ ਪੁਲ, ਸੜਕਾਂ, ਨਦੀਆਂ ਨਾਲੇ,
ਰੌਣਕਾਂ ਤੇ ਬੋਰੌਣਕ ਗਲੀਆਂ,
ਆਦਮੀ ਨੂੰ ਕਬਰਾਂ ਵਾਂਗ ਉਡੀਕ ਰਹੀਆਂ ਹਨ।
ਇਕੋ 'ਠਾਹ' ਨਾਲ ਪੱਗ ਲੱਥ ਕੇ ਅਹੁ ਜਾਂਦੀ ਹੈ ਧੌਣ ਸੁਣੇ।

ਸਾਡੇ ਪੀਰ ਪੈਗੰਬਰ, ਦੇਵੀ ਦੇਵਤੇ,
ਠਠੰਬਰ ਜਿਹੇ ਗਏ ਹਨ।
ਆਦਮੀ ਆਦਮੀ ਵੱਲ ਵੇਖਕੇ ਭੌਂਕਦਾ ਹੈ,
ਆਦਮੀ ਆਦਮੀ ਨੂੰ ਵੱਢਦਾ ਹੈ।
ਪਰ ਕੁੱਤਾ ਕੋਲ ਬੈਠਾ,
ਬੇ ਅਵਾਜ਼ੇ ਅੱਥਰੂ ਕੇਰੀ ਜਾਂਦਾ ਹੈ।
ਇਨ੍ਹਾਂ ਦੋਹਾਂ ਨੇ ਆਪਣਾ ਕੰਮ ਕਿਉਂ ਬਦਲ ਲਿਆ ਹੈ?

ਬੋਲ ਮਿੱਟੀ ਦਿਆ ਬਾਵਿਆ/32