ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿਡੌਣੇ ਨਾ ਤੋੜੋ

ਪੰਘੂੜੇ ਵਿਚ ਪਏ ਬਾਲਾਂ ਦੇ ਖਿਡੌਣੇ,
ਛਣਕਣੇ, ਰਬੜ ਦੇ ਬਾਵੇ ਤੇ ਸੀਟੀਆਂ ਵਾਲੇ ਵਾਜੇ,
ਸਖ਼ਤ ਬੂਟਾਂ ਹੇਠ ਆ ਕੇ ਟੁੱਟ ਰਹੇ ਹਨ।

ਪੰਘੂੜੇ ਵਿਚ ਪਏ ਬਾਲ,
ਪੰਘੂੜੇ ਦੀ ਚਾਰਦੀਵਾਰੀ ਦੇ ਅੰਦਰਵਾਰ,
ਸਿਰਫ਼ ਸੁੰਨੇ ਅਸਮਾਨ ਨੂੰ ਘੂਰ ਸਕਦੇ ਹਨ।
ਸਖ਼ਤ ਬੂਟਾਂ ਨੂੰ ਨਹੀਂ।

ਪੰਘੂੜੇ ਵਿਚ ਪਏ ਬਾਲ ਹੁਣ ਲੋਰੀਆਂ ਨਾਲ ਨਹੀਂ,
ਧਮਕੀਆਂ ਸੁਣ ਕੇ ਸੌਂ ਜਾਂਦੇ ਹਨ।

ਇਹ ਕੇਹੀ ਗੁੜ੍ਹਤੀ ਏ ਦੋਸਤੋ,
ਸੋਹਲ ਬੁੱਟਾਂ ਤੇ ਸ਼ਹਿਦ ਨਹੀਂ,
ਵਕਤ 'ਮਹੁਰਾ' ਰੱਖ ਰਿਹਾ ਏ।

ਤਲਖ਼ ਮੌਸਮਾਂ ਦੇ ਜੰਮੇ ਜਾਂਦੇ ਇਹ ਬਾਲ,
ਵੱਡੇ ਹੋ ਕੇ ਕਰਨਗੇ ਲੱਖਾਂ ਸੁਆਲ।
ਜਦੋਂ ਸਾਡੇ ਖਿਡੌਣਿਆਂ ਨੂੰ,
ਕੋਈ ਮਸਲ ਰਿਹਾ ਸੀ,
ਤੋੜ ਰਿਹਾ ਸੀ,
ਉਦੋਂ ਤੁਸੀਂ ਕਿੱਥੇ ਸੀ?

ਬੋਲ ਮਿੱਟੀ ਦਿਆ ਬਾਵਿਆ/33