ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਦਰਿਆ ਵਿਚ

ਇਸ ਦਰਿਆ ਵਿਚ,
ਹੁਣ ਪਾਣੀ ਥਾਂ ਰੱਤ ਵਗਦੀ ਹੈ।
ਲਾਸ਼ਾਂ ਬੇਤਰਤੀਬ ਰੁੜ੍ਹਦੀਆਂ,
ਜਿਵੇਂ ਕੋਈ ਕੱਖ ਕਾਣ ਪਹਾੜੋ ਰੁੜ੍ਹਦਾ ਆਵੇ।
ਥਾਂ ਥਾਂ ਠੋਕਰ ਖਾ ਕੇ ਫਿਰ ਅੱਗੇ ਨੂੰ ਜਾਵੇ।

ਇਸ ਦਰਿਆ ਵਿਚ,
ਕਿੱਥੋਂ ਰੁੜ੍ਹ ਕੇ ਆਏ ਫਨੀਅਰ ਨਾਗ ਜ਼ਹਿਰੀਲੇ।
ਰੁੱਖਾਂ ਨਾਲ ਲਪੇਟੇ ਮਾਰਨ,
ਫਣ ਫੁੰਕਾਰਨ ਜਾਣ ਨਾ ਕੀਲੇ।

ਇਸ ਦਰਿਆ ਦੇ ਕੰਢੇ ਉਤੇ,
ਸਿਵਿਆਂ ਦੀ ਖਾਮੋਸ਼ ਪਾਲ ਹੈ।
ਹਰ ਪਲ ਜਾਪੇ ਮੇਰੇ ਆਲੇ ਦੁਆਲੇ ਵਿਛਿਆ,
ਅਜਬ ਤਰ੍ਹਾਂ ਦਾ ਅਗਨ-ਜਾਲ ਹੈ।

ਇਸ ਦਰਿਆ ਦੇ ਦੋਹੀਂ ਪਾਸੀਂ,
ਤਪਦੀ ਰੇਤ ਜਿਵੇਂ ਭਠਿਆਰੀ।
ਸਿਰ ਤੇ ਸੂਰਜ, ਸਿਖ਼ਰ ਦੁਪਹਿਰਾ,
ਧੁੱਪ ਕੜਾਕੇ ਨੇ ਮੱਤ ਮਾਰੀ।

ਬੋਲ ਮਿੱਟੀ ਦਿਆ ਬਾਵਿਆ/35