ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਸਾਰੇ ਬਹਾਦਰ ਹਾਂ ਜਾਂ ਨਹੀਂ।
ਦੋਸ਼ੀ ਜ਼ਰੂਰ ਹਾਂ।
ਕਿਸੇ ਦੇਸ਼ ਹਕੂਮਤ ਜਾਂ ਹਾਕਮ ਦੀ ਕਚਹਿਰੀ ਦੇ ਨਹੀਂ।
ਮਨ ਦੀ ਅਦਾਲਤ ਦੇ ਜ਼ਰੂਰ ਦੋਸ਼ੀ ਹਾਂ।

ਜੋ ਬੱਚੇ ਹੁਣ ਜਨਮ ਲੈ ਰਹੇ ਨੇ,
ਜਦ ਵੱਡੇ ਹੋਣਗੇ ਕੀ ਸੋਚਣਗੇ?
ਅਸੀਂ ਇਨ੍ਹਾਂ ਨੂੰ ਸਹਿਮ ਦੇ ਪਰਛਾਵੇਂ ਦੇ ਨਾਲ ਨਾਲ,
ਕਰਫ਼ਿਊ, ਕਿਰਚਾਂ, ਬੰਬ, ਬੰਦੂਕਾਂ,
ਸਖ਼ਤ ਬੂਟ, ਤੇਜ਼ ਗਸ਼ਤ ਅਤੇ ਅੱਥਰੂ ਗੈਸ ਦਿੱਤੀ ਹੈ।

ਇਸੇ ਲਈ ਜਦ ਕਦੇ ਟਿਕੀ ਹੋਈ ਰਾਤ ਨੂੰ ਨੀਂਦ ਉੱਖੜਦੀ ਹੈ।
ਸੋਚਦਾ ਹਾਂ,
ਭਵਿੱਖ ਜਦ ਇਨ੍ਹਾਂ ਬੱਚਿਆਂ ਦੇ ਹੱਥ 'ਚ ਹੋਵੇਗਾ,
ਅਸੀਂ ਕਚਹਿਰੀ ਦੀ ਕਿਹੜੀ ਸਜ਼ਾ ਭੁਗਤਾਂਗੇ?

ਹੁਣ ਸੁਪਨੇ ਸੁੱਤਿਆਂ ਨੂੰ ਹੀ ਨਹੀਂ,
ਜਾਗਦਿਆਂ ਨੂੰ ਵੀ ਡਰਾਉਂਦੇ ਹਨ।

ਮੇਰਾ ਨਿੱਕਾ ਜਿਹਾ ਪੁੱਤਰ ਪੁਨੀਤ
ਸ਼ਾਮ ਨੂੰ ਜਦ ਪੰਜ ਵਜੇ ਵੀ,
ਰੋਜ਼ ਗਾਰਡਨ ਜਾਣ ਦੀ ਜ਼ਿਦ ਕਰਦਾ ਹੈ।
ਤਾਂ ਝੂਠ ਮੂਠ ਆਖਣਾ ਪੈਂਦਾ ਹੈ,
'ਰੋਜ਼ ਗਾਰਡਨ ਬੰਦ ਹੈ।'
ਉਥੇ ਪੁਲਿਸ ਗਸ਼ਤ ਕਰਦੀ ਹੈ,
ਲੋਕਾਂ ਦੀ ਜਾਨ ਬਚਾਉਣ ਲਈ,
ਉੱਥੇ 'ਪੱਕੀ ਛਾਉਣੀ' ਪਾ ਕੇ ਬੈਠੀ ਹੈ।

ਬੋਲ ਮਿੱਟੀ ਦਿਆ ਬਾਵਿਆ/39