ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਾ ਜ਼ਿਦ ਕਰਦਾ ਹੈ,
ਆਖਦਾ ਹੈ,
ਉਥੇ ਤਾਂ ਗੁਲਾਬ ਹਨ, ਪੰਘੂੜੇ ਹਨ, ਫ਼ੁਹਾਰੇ ਹਨ।
ਸੈਰ ਕਰਦੇ ਬੱਚੇ ਹਨ, ਬਾਪੂ ਥੱਕੇ ਹਾਰੇ ਹਨ।
ਭਲਾ ਇਹ ਪੁਲਿਸ ਵਾਲੇ ਉਥੇ ਕਿਸਦੀ ਰਾਖੀ ਕਰਦੇ ਹਨ।

ਬੱਚਾ ਅਜੇ ਨਹੀਂ ਸਮਝਦਾ,
ਉਹ ਕਿਸ ਕਹਿਰ ਤੇ ਜ਼ਹਿਰ ਦੇ ਮਾਹੌਲ ਵਿਚ,
ਪਲ ਰਿਹਾ ਹੈ।
ਉਹ ਜਾਣ ਦੀ ਜ਼ਿਦ ਕਰਦਾ ਹੈ,
ਕਿਉਂਕਿ ਹਾਲੇ ਉਹਨੂੰ ‘ਡਰਨਾ’ ਨਹੀਂ ਆਇਆ।

ਰੇਡੀਓ, ਟੈਲੀਵਿਜ਼ਨ ਖ਼ਬਰਾਂ ਵੇਲੇ ਬੰਦ ਕਰ ਦੇਂਦਾ ਹੈ।
ਹਰ ਰੋਜ਼ ਓਹੀ ਖ਼ਬਰਾਂ ਆਉਂਦੀਆਂ ਹਨ।
ਮਰਨ ਮਾਰਨ ਦੀਆਂ,
ਸਰਹੱਦ ਤੇ ਮੁਕਾਬਲੇ ਦੀਆਂ,
ਡਿਊਟੀ ਤੇ ਖਲੋਤੇ ਜਾਂ ਓਪਰੇ ਬੰਦਿਆਂ ਹੱਥੋਂ...
ਇਹਨਾਂ ਦਾ ਕੀ ਸੁਣਨਾ ਹੈ?

ਮੈਂ ਚੁੱਪ ਕਰ ਜਾਂਦਾ ਹਾਂ,
ਇਹਨੂੰ ਕੀ ਜਵਾਬ ਦਿਆਂ?
ਏਸੇ ਲਈ ਜਦ ਕਦੇ ਟਿਕੀ ਰਾਤ ਨੂੰ,
ਨੀਂਦ ਉੱਖੜਦੀ ਹੈ,
ਮਨ ਦਾ ਪੰਛੀ ਕਦੇ ਕਿਸੇ ਟਾਹਣੀ ਜਾ ਬਹਿੰਦਾ ਹੈ,
ਕਦੇ ਕਿਸੇ ਟਾਹਣੀ।

ਬੋਲ ਮਿੱਟੀ ਦਿਆ ਬਾਵਿਆ/40