ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਦੀ ਖੇਡ ਅਤੇ ਫੁਲਝੜੀਆਂ।
ਕੰਬਦੀ ਜਾਨ ਮੁਸ਼ਕਲਾਂ ਬੜੀਆਂ।
ਭਾਂਡੇ ਆਪਸ ਵਿਚ ਜਦ ਠਹਿਕਣ।
ਆਲ੍ਹਣਿਆ ਦੇ ਬੋਟ ਵੀ ਸਹਿਕਣ।

ਆਤਿਸ਼-ਬਾਜ਼ ਕਦੇ ਨਾ ਅੱਗਾਂ ਤੋਂ ਘਬਰਾਉਂਦੇ।
ਇਕ ਦੂਜੇ ਦੇ ਘਰ ਨੂੰ ਪਹਿਲਾਂ ਤੀਲੀ ਲਾਉਂਦੇ।
ਮਗਰੋਂ ਫਿਰਦੇ ਆਪ ਬੁਝਾਉਂਦੇ।

ਬਲਦੀ ਬੁੱਥੇ ਡਾਹ ਕੇ ਫੇਰ ਬੇਗਾਨੇ ਪੁੱਤਰ।
ਗੋਲੀ ਦਾ ਗੋਲੀ ਵਿਚ ਉੱਤਰ।
ਕਣਕਾਂ ਦੇ ਵੱਢ ਕਬਰਾਂ ਬਣਦੇ।
ਬੰਬ ਗੋਲੀਆਂ ਅੰਬਰੋਂ ਵਰ੍ਹਦੇ।

ਨਿੱਕੇ ਆਤਿਸ਼ਬਾਜ਼ਾਂ ਕੋਲੋਂ ਜਦੋਂ ਭੰਡਾਰੇ ਮੁੱਕਦੇ।
ਵੱਡੇ ਆਤਿਸ਼-ਬਾਜ਼ ਉਦੋਂ ਫਿਰ ਆਣ ਮੈਦਾਨੇ ਬੁੱਕਦੇ।

ਖ਼ੂਨ ਦੀਆਂ ਨਦੀਆਂ ਵਿਚ ਆਪਣਾ ਹੱਥ ਡੁਬਾਉਂਦੇ।
ਇਕ ਦੂਜੇ ਦੇ ਮੱਥੇ ਸੂਹੇ ਤਿਲਕ ਲਗਾਉਂਦੇ।
ਦੇਸ਼ ਭਗਤੀਆਂ ਸੇਵਾ ਵਤਨਪ੍ਰਸਤੀ ਵਰਗੇ ਨਾਅਰੇ ਲਾਉਂਦੇ।
ਆਲੇ ਭੋਲੇ ਆਮ-ਸਧਾਰਨ ਜਨ ਭਰਮਾਉਂਦੇ।

ਆਮ ਆਦਮੀ ਏਸ ਚਲਾਕੀ ਨੂੰ ਨਾ ਸਮਝੇ।
ਆਤਿਸ਼-ਬਾਜ਼ ਦਾ ਕਿੱਤਾ ਹੁੰਦਾ ਆਤਿਸ਼-ਬਾਜ਼ੀ।
ਦੂਜੀ ਧਿਰ ਦੇ ਸਾਰੇ ਗਿੱਦੜ ਮੂਜ਼ੀ ਗਿਣਕੇ,
ਆਪਣੇ ਵੱਲ ਦੇ ਸਾਰੇ ਬੰਦੇ ਬਣਦੇ ਗਾਜ਼ੀ।

ਬੋਲ ਮਿੱਟੀ ਦਿਆ ਬਾਵਿਆ/42