ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐ ਦੁਨੀਆਂ ਦੇ ਅਮਨਪਸੰਦੋ ਸੁੱਤਿਓ ਜਾਗੋ।
ਐ ਧਰਤੀ ਦੇ ਜਾਇਓ ਬੋਲੇ ਤੇ ਇੰਜ ਆਖੋ।
ਸਾਡੀ ਲੋੜ ਬੰਦੂਕ ਨਾ ਗੋਲੀ।
ਖੇਡੋ ਨਾ ਸਾਡੇ ਖ਼ੂਨ ਦੀ ਹੋਲੀ।
ਇਕ ਵੰਗਾਰ ਬਣੋ ਤੇ ਬੋਲੋ।
ਮੂੰਹਾਂ ਉਤਲੀ ਪੱਟੀ ਖੋਲ੍ਹੇ।

ਨਾ ਦਿਉ ਸਾਨੂੰ ਮਾਸ ਦੀ ਬੋਟੀ।
ਸਾਡੀ ਲੋੜ ਦਾਲ ਤੇ ਰੋਟੀ।
ਆਪਣੇ ਆਪਣੇ ਹਥਿਆਰਾਂ ਨੂੰ ਖੂਹ ਵਿਚ ਸੁੱਟੋ।
ਆਪਣੇ ਡੌਲਿਆਂ ਨਾਲ ਜ਼ਮੀਨਾਂ ਨਵੀਆਂ ਪੁੱਟੋ।

ਹਥਿਆਰਾਂ ਦੀ ਬਾਤ ਹੁੰਗਾਰਾ ਬੰਬ ਤੇ ਗੋਲੀ।
ਏਸ ਸਿਆਸਤ ਨੇ ਹੀ ਸਾਡੀ ਜ਼ਿੰਦਗੀ ਰੋਲੀ।

ਆਤਿਸ਼-ਬਾਜ਼ੀ ਸਾਡੀ ਅੱਜ ਦੀ ਲੋੜ ਨਹੀਂ ਹੈ।
ਭੁੱਖੇ ਢਿੱਡ ਨੂੰ ਅੰਗਿਆਰਾਂ ਦੀ ਲੋੜ ਨਹੀਂ ਹੈ।
ਨੰਗੇ ਤਨ ਨੂੰ ਹਥਿਆਰਾਂ ਦੀ ਲੋੜ ਨਹੀਂ ਹੈ।

ਬੋਲ ਮਿੱਟੀ ਦਿਆ ਬਾਵਿਆ/43