ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਗੀਤ ਗੁਆਚ ਗਏ ਨੇ

ਮੇਰੇ ਗੀਤ ਗੁਆਚ ਗਏ ਨੇ।
ਥਲ ਵਿਚ ਗੁੰਮੀਆਂ ਪੈੜਾਂ ਵਾਂਗੂੰ,
ਹੇਕਾਂ ਮਿੱਟੀ ਘੱਟੇ ਰੁਲੀਆਂ,
ਕਿੰਨੇ ਯਾਰ ਗੁਆਚ ਗਏ ਨੇ।

ਮੇਰੇ ਸਾਹਾਂ ਵਿਚੋਂ ਖੋਹੀ ਕਿਸ ਖੁਸ਼ਬੋਈ।
ਅੱਜ ਤੱਕ ਭੇਤ ਸੁਰਾਗ ਨਾ ਕੋਈ।
ਕਿੰਨੇ ਮੀਤ ਗੁਆਚ ਗਏ ਨੇ।

ਮੇਰੀਆਂ ਅੱਖਾਂ ਦੇ ਵਿਚ ਤਾਰੇ।
ਬੁਝ ਚੱਲੇ ਨੇ ਇਹ ਵੀ ਸਾਰੇ।
ਕਿਣ ਮਿਣ ਕਿਣ ਮਿਣ ਅੱਗ ਦੀਆਂ ਕਣੀਆਂ।
ਡਾਢੇ ਵਕਤ ਮੁਸ਼ਕਲਾਂ ਬਣੀਆਂ।

ਕਿੰਨ ਸੁਪਨੇ ਲੀਰਾਂ ਹੋਏ,
ਕਿਹੜਾ ਕਿਸ ਨੂੰ ਬਹਿ ਕੇ ਰੋਏ,
ਕਿੰਨੇ ਹਰਫ਼ ਗੁਆਚ ਗਏ ਨੇ।

ਬੋਲ ਮਿੱਟੀ ਦਿਆ ਬਾਵਿਆ/46