ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਜ਼ ਤਰਾਰ ਪਾਣੀਆਂ ਵਿਚ

ਤੇਜ਼ ਤਰਾਰ ਪਾਣੀਆਂ ਵਿਚ,
ਆਓ ਪੈਰ ਤਾਂ ਲਾਈਏ।
ਰੁੜ੍ਹ ਜਾਓਗੇ ਪੱਥਰਾਂ ਵਰਗਿਓ,
ਰੇਤ ਹੋ ਜਾਉਗੇ, ਕਿਣਕਾ ਕਿਣਕਾ।
ਮਾਮੂਲੀ ਫੂਕ ਨਾਲ ਉੱਡ ਜਾਉਗੇ।

ਤੇਜ਼ ਤਰਾਰ ਪਾਣੀਆਂ ਵਿਚ,
ਗੋਡੇ ਗੋਡੇ, ਲੱਕ ਲੱਕ, ਨੱਕ ਨੱਕ ਡੁੱਬਣ ਮਗਰੋਂ,
ਤੁਸੀਂ ਨਹੀਂ, ਸਿਰਫ਼ ਲਾਸ਼ ਤੈਰੇਗੀ।
ਤੇ ਲਾਸ਼ ਨੂੰ ਸਿਰਫ਼ ਮੱਛੀਆਂ ਖਾਂਦੀਆਂ ਹਨ।

ਬੰਦਿਓ! ਰੱਬ ਦਿਓ!
ਲਾਸ਼ਾਂ ਨਹੀਂ! ਆਉ ਬੰਦੇ ਬਣੀਏ।
ਤੇਜ਼ ਤਰਾਰ ਪਾਣੀਆਂ ਦੇ ਸਾਹਮਣੇ ਹਿੱਕਾਂ ਡਾਹੀਏ।
ਪੈਰ ਅਟਕਾਈਏ।
ਯਾਰੋ! ਪੈਰ ਤਾਂ ਲਾਈਏ।
ਨਹੀਂ ਤਾਂ ਰੁੜ੍ਹ ਜਾਵਾਂਗੇ।

ਬੋਲ ਮਿੱਟੀ ਦਿਆ ਬਾਵਿਆ/47