ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿੱਧੇ ਵਿਚ ਤੂੰ ਨੱਚਦੀ
ਕੁਲਦੀਪ ਪਾਰਸ ਦੇ ਨਾਂ

ਗਿੱਧੇ ਵਿਚ ਤੂੰ ਨੱਚਦੀ ਨੱਚੇਂ ਮਾਰ ਕੇ ਅੱਡੀ।
ਮੁੰਡੇ ਵੀ ਬੈਠੇ ਨੇ, ਬੁੱਢੇ ਵੀ ਬੈਠੇ ਨੇ,
ਬੈਠੇ ਅੱਖਾਂ ਟੱਡੀ।

ਸਾਉਣ ਮਹੀਨੇ ਪਿੱਪਲੀਂ ਪੀਂਘਾਂ ਕੁੜੀਆਂ ਝੂਟਣ ਆਈਆਂ।
ਪਿੜ ਦੇ ਅੰਦਰ ਪਾਉਣ ਧਮਾਲਾਂ ਨਣਦਾਂ ਤੇ ਭਰਜਾਈਆਂ।
ਜੜ੍ਹ ਤੋਂ ਹਿੱਲਿਆ ਪਿੱਪਲ ਸੀ ਜਦ ਚੜ੍ਹੀ ਹੁਲਾਰੇ ਨੱਢੀ।
ਗਿੱਧੇ ਵਿਚ ਤੂੰ ਨੱਚਦੀ... .... ...।

ਧਰਤ ਕੰਬਾਵੇਂ ਨੱਚਣ ਲਾਵੇਂ ਅੰਬਰ ਵਿਚਲੇ ਤਾਰੇ।
ਤੇਰੇ ਸਿਰ ਪਿੰਡ ਦੀ ਵਡਿਆਈ ਸੱਤ-ਫੁੱਟੀਏ ਤਲਵਾਰੇ।
ਪੈਰੀਂ ਪਾ ਕੇ ਪਟਿਆਲੇ ਸ਼ਾਹੀ ਸਿਰ ਫੁਲਕਾਰੀ ਕੱਢੀ।
ਗਿੱਧੇ ਵਿਚ ਤੂੰ ਨੱਚਦੀ... .... ....।

ਪਹਿਲੇ ਪਹਿਰ ਤੂੰ ਉੱਠ ਕੇ ਪਾਵੇਂ ਚਾਟੀ ਵਿਚ ਮਧਾਣੀ।
ਪੀ ਕੇ ਦੁੱਧ ਮਲਾਈਆਂ ਬਣ ਗਈ ਪੰਜ ਦਰਿਆ ਦੀ ਰਾਣੀ।
ਨਾ ਅੱਕੇਂ ਨਾ ਥੱਕੇਂ ਜਾਵੇਂ ਸਭ ਨੂੰ ਪਿੱਛੇ ਛੱਡੀ।
ਗਿੱਧੇ ਵਿਚ ਤੂੰ ਨੱਚਦੀ... .... ...।

ਤੈਨੂੰ ਤੇਰੇ ਮਾਪਿਆਂ ਜਾਪੇ ਟਕਿਆਂ ਨਾਲ ਵਿਆਹਿਆ।
ਵਰ੍ਹੇ ਛਮਾਹੀ ਛੁੱਟੀ ਆਵੇ ਸੱਸ ਤੇਰੀ ਦਾ ਜਾਇਆ।
ਬੰਨ੍ਹ ਬਿਸਤਰਾ ਫ਼ਤਹਿ ਬੁਲਾ ਕੇ ਚੜ੍ਹ ਜੇ ਰਾਤ ਦੀ ਗੱਡੀ।
ਗਿੱਧੇ ਵਿਚ ਤੂੰ ਨੱਚਦੀ... .... ....।

ਬੋਲ ਮਿੱਟੀ ਦਿਆ ਬਾਵਿਆ/50