ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਜਰੀ ਸਵੇਰ ਵਰਗੇ

ਸੱਜਰੀ ਸਵੇਰ ਵਰਗੇ ਸੁੱਕ ਚੱਲੇ ਬੁੱਲ੍ਹਾਂ ਤੋਂ ਹਾਸੇ।
ਵੇਖੀਂ ਦਰਿਆ ਦੇ ਮਾਲਕਾ ਤੇਰੇ ਦਰ ਤੋਂ ਨਾ ਮੁੜੀਏ ਪਿਆਸੇ।

ਮੰਡੀ ਨਹੀਓਂ ਮੁੱਲ ਵਿਕਦੇ ਹੱਡ ਮਾਸ ਵਾਲੇ ਗੁੱਡੀਆਂ ਪਟੋਲੇ।
ਲੱਖੀਂ ਨਾ ਕਰੋੜੀਂ ਸੋਹਣਿਆ ਜਿਹੜੇ ਫੁੱਲ ਤੂੰ ਬਾਜ਼ਾਰਾਂ ਵਿਚ ਰੋਲੇ।
ਇਕ ਵਾਰੀ ਨਾਂਹ ਆਖ ਦੇ ਗੱਲ ਲੱਗ ਤਾਂ ਜਾਊ ਇਕ ਪਾਸੇ।

ਹੱਕ ਦੀ ਲਕੀਰ ਬਦਲੇ ਸਾਨੂੰ ਘੇਰਿਆ ਸ਼ਿਕਾਰੀਆਂ ਆ ਕੇ।
ਚੋਰ ਚੋਰ ਸਾਨੂੰ ਆਖਦੇ ਆਪ ਮਾਰਦੇ ਦੁਪਹਿਰੇ ਡਾਕੇ।
ਘਰਾਂ ਨੂੰ ਵੀਰਾਨ ਕਰਕੇ ਫੇਰ ਦੇਣ ਸਾਨੂੰ ਆਣ ਕੇ ਦਿਲਾਸੇ।

ਤੈਨੂੰ ਮਾਣ ਵਤਨਾਂ ਦਾ ਸਾਨੂੰ ਕਰ ਛੱਡਿਆ ਪ੍ਰਦੇਸੀ।
ਨਿੱਘਾ ਹੋਕੇ ਸੌਣ ਵਾਲਿਆ ਤੈਨੂੰ ਚੁਭਦੀ ਅਸਾਡੀ ਖੇਸੀ।
ਦਿਨ ਲੰਘੇ ਹਾਉਕੇ ਲੈਂਦਿਆਂ ਰਾਤ ਲੰਘਦੀ ਮਾਰ ਕੇ ਪਾਸੇ।

ਜੇ ਫੁੱਲਾਂ 'ਚੋਂ ਸੁਗੰਧ ਉੱਡ ਗਈ ਰੰਗ ਰੋਣਗੇ ਭੌਰ ਨਹੀਂ ਆਉਣੇ।
ਅੰਬੀਆਂ ਦੇ ਬੂਰ ਤੋਂ ਬਿਨਾਂ ਬਾਗਾਂ ਵਿਚ ਨਹੀਂ ਬੰਬੀਹੇ ਗਾਉਣੇ।
ਸਾਡੇ ਬਿਨਾਂ ਬਾਗਾਂ ਵਾਲਿਆਂ ਏਥੇ ਫ਼ੇਰ ਨਹੀਂ ਟੁਣਕਣੇ ਹਾਸੇ।

ਬੋਲ ਮਿੱਟੀ ਦਿਆ ਬਾਵਿਆ/53