ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਥੋਂ ਉੱਡ ਕੇ ਘਰਾਂ ਨੂੰ ਜਾਉ

ਏਥੋਂ ਉੱਡ ਕੇ ਘਰਾਂ ਨੂੰ ਜਾਓ, ਨੀ ਚਿੜੀਓ ਮਰ ਜਾਣੀਓਂ।
ਅੱਗ ਬਲਦੀ ਏ ਖੰਭਾਂ ਨੂੰ ਬਚਾਓ,
ਨੀ ਚਿੜੀਓ ਮਰ ਜਾਣੀਓਂ!

ਇਸ ਪਿੰਡ ਦੀ ਜੂਹ ਅੰਦਰ ਫਿਰਦੇ ਹਿਰਨਾਂ ਮਗਰ ਸ਼ਿਕਾਰੀ।
ਮਾਰੋ ਮਾਰ ਪਈ ਵਿਚ ਖ਼ਬਰੇ ਆ ਜਾਏ ਕਿਸਦੀ ਵਾਰੀ।
ਐਵੇਂ ਆਪਣੀ ਨਾ ਜਾਨ ਗੁਆਓ!
ਨੀ ਚਿੜੀਓ ਮਰ ਜਾਣੀਓਂ!

ਹਿਰਨਾਂ ਦੀ ਇਕ ਡਾਰ ਨੂੰ ਲੱਭਦਿਆਂ ਗੁਜ਼ਰੇ ਵਰ੍ਹੇ ਛਿਮਾਹੀਆਂ।
ਅੰਬਰ ਧਰਤੀ ਤੇ ਵਿਚ ਤਾਹੀਏਂ ਥਾਂ ਥਾਂ ਗੱਡੀਆਂ ਫਾਹੀਆਂ।
ਐਵੇਂ ਅਣਆਈ ਮੌਤ ਨਾ ਬੁਲਾਓ!
ਨੀ ਚਿੜੀਓ ਮਰ ਜਾਣੀਓਂ!

ਸੱਜਰੇ ਖੂਨ ਦੀ ਭਾਲ 'ਚ ਫਿਰਦੇ ਹੁਣ ਹਥਿਆਰ ਪਿਆਸੇ।
ਮਾਰ ਉਡਾਰੀ ਉੱਡ ਜੋ ਕਿਧਰੇ ਬੈਠੀਆਂ ਕਿਸ ਭਰਵਾਸੇ।
ਸੋਚਾਂ ਵਿਚ ਐਵੇਂ ਵੇਲਾ ਨਾ ਲੰਘਾਓ!
ਨੀ ਚਿੜੀਓ ਮਰ ਜਾਣੀਓਂ!

ਸਿਰ ਤੇ ਸੂਰਜ ਖ਼ੁਰ ਚੱਲਿਆ ਹੈ, ਢਲ ਚੱਲੀਆਂ ਨੇ ਛਾਵਾਂ।
ਹੋਰ ਘੜੀ ਤੱਕ ਨ੍ਹੇਰੇ ਦੇ ਵਿਚ ਲੱਭਣਾ ਨਹੀਂ ਪਰਛਾਵਾਂ।
ਜਾਓ! ਦਿਨ ਹੁੰਦੇ ਆਲ੍ਹਣੇ ਚ ਜਾਓ!
ਨੀ ਚਿੜੀਓ ਮਰ ਜਾਣੀਓਂ!

ਬੋਲ ਮਿੱਟੀ ਦਿਆ ਬਾਵਿਆ/54