ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਧਰੇ ਗਏ ਵਣਜਾਰੇ

ਕਿੱਧਰ ਗਏ ਵਣਜਾਰੇ ਬੇਲੀਓ ਕਿੱਧਰ ਗਏ ਵਣਜਾਰੇ।
ਹਾਲੇ ਤਾਂ ਬਈ ਦਿਨ ਨਹੀਂ ਚੜ੍ਹਿਆ ਕਿਉਂ ਲੁਕ ਗਏ ਨੇ ਤਾਰੇ।

ਸੂਰਜ ਦੀ ਰੁਸ਼ਨਾਈ ਹਾਲੇ ਬੂਹੇ ਤੇ ਨਹੀਂ ਆਈ।
ਹਾਲੇ ਤਾਂ ਰਾਤਾਂ ਦੀ ਕਾਲਖ਼ ਮੂੰਹ ਸਿਰ ਉੱਤੇ ਛਾਈ।
ਕਿਉਂ ਕਿਰ ਗਏ ਮੇਰੀ ਮੁੱਠੀ ਵਿਚੋਂ ਕਿਰਨ-ਮ-ਕਿਰਨੀ ਤਾਰੇ।

ਅੱਧ ਖੁੱਲ੍ਹੀਆਂ ਪਲਕਾਂ ਵਿਚ ਹਾਲੇ ਨੀਂਦਰ ਖ਼ੌਰੂ ਪਾਇਆ।
ਥਿੜਕਦਿਆਂ ਪੈਰਾਂ ਵਿਚ ਜਾਪੇ ਗੁੰਮਿਆਂ ਆਪਣਾ ਸਾਇਆ।
ਸੂਰਜ ਦੀ ਟਿੱਕੀ ਨੂੰ ਤਰਸਣ ਸਾਰੇ ਵਖ਼ਤਾਂ ਮਾਰੇ।

ਨੀਮ ਗੁਲਾਬੀ ਹੋਠਾਂ ਉੱਤੇ ਫਿਰੀਆਂ ਜ਼ਰਦ ਹਵਾਈਆਂ।
ਘੇਰ ਲਿਆਂ ਅੱਖਾਂ ਨੂੰ ਘੇਰਾ ਗੂੜ੍ਹੀਆਂ ਘੋਰ ਸਿਆਹੀਆਂ।
ਕਿਸ ਬਦਸ਼ਗਨੀ ਕੀਤੀ ਚੋਇਆ ਖੂਨ ਬਰੂਹੀਂ ਸਾਰੇ।

ਪੋਟਾ ਪੋਟਾ ਇਸ ਧਰਤੀ ਦਾ ਵਿੰਨਿਆ ਤੀਰ ਕਮਾਨਾਂ।
ਅਗਨ-ਖੇਡ ਵਿਚ ਮੁੱਕ ਨਾ ਜਾਈਏ ਸਹਿਮਦੀਆਂ ਨੇ ਜਾਨਾਂ।
ਚੰਦਰੀ ਸੋਚ ਸ਼ੈਤਾਨ ਸੋਚਦਾ ਮੌਲਾ ਖ਼ੈਰ ਗੁਜ਼ਾਰੇ।

ਬੋਲ ਮਿੱਟੀ ਦਿਆ ਬਾਵਿਆ/55