ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਗਦੀ ਨਦੀ ਦੇ ਠੰਢੇ ਨੀਰ
ਬਲਬੀਰ ਮਾਹਲਾ ਦੇ ਨਾਂ

ਵਗਦੀ ਨਦੀ ਦੇ ਠੰਢੇ ਨੀਰ,
ਰਾਜਿਓ ਕਿੱਧਰ ਗਏ?
ਭੈਣਾਂ ਦੇ ਸੋਹਣੇ ਸੋਹਣੇ ਵੀਰ,
ਰਾਜਿਓ ਕਿੱਧਰ ਗਏ?

ਧਰਤੀ ਦਾ ਲਾਲ ਸੂਹਾ ਵੇਸ,
ਲਹੂ ਵਾਲੀ ਲੱਗੀ ਏ ਝੜੀ।
ਮਾਵਾਂ ਦੇ ਗਲੀਂ ਖੁੱਲ੍ਹੇ ਕੇਸ,
ਹੰਝੂਆਂ ਦੀ ਲੰਮੀ ਲੜੀ।
ਕੋਈ ਨਾ ਬੰਨ੍ਹਾਵੇ ਆ ਕੇ ਧੀਰ।
ਰਾਜਿਓ ਕਿਧਰ ਗਏ?

ਜਿਥੇ ਸੀ ਠੰਢੀ ਮਿੱਠੀ ਪੌਣ,
ਲੂਆਂ ਦਾ ਸੇਕ ਪਵੇ।
ਸੱਖਣੀ ਚੰਗੇਰ ਤੇ ਪਰਾਤ,
ਮੂਧੇ ਮੂੰਹ ਪਏ ਨੇ ਤਵੇ।
ਤੁਰੀ ਫਿਰੇ ਅੱਗ ਦੀ ਲਕੀਰ।
ਰਾਜਿਓ ਕਿੱਧਰ ਗਏ?

ਬੋਲ ਮਿੱਟੀ ਦਿਆ ਬਾਵਿਆ/61