ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਦੁਨੀਆਂ ਨਹੀਂ ਕਮਦਿਲਿਆਂ ਦੀ
ਹੰਸ ਰਾਜ ਹੰਸ ਦੇ ਨਾਂ

ਇਹ ਦੁਨੀਆਂ ਨਹੀਂ ਕਮਦਿਲਿਆਂ ਦੀ,
ਇਹ ਰਣ ਹੈ ਪੌਣ-ਸਵਾਰਾਂ ਦਾ।
ਜੇ ਨੀਂਹਾਂ ਦੇ ਵਿਚ ਸਿਰ ਹੋਵਣ,
ਮੁੱਲ ਪੈ ਜਾਂਦੈ ਦੀਵਾਰਾਂ ਦਾ।

ਜੋ ਸੂਲੀ ਚੜ੍ਹ ਮੁਸਕਾਉਂਦੇ ਨੇ,
ਉਹੀ ਉੱਚੇ ਰੁਤਬੇ ਪਾਉਂਦੇ ਨੇ।
ਇਤਿਹਾਸ ਗਵਾਹ ਬਹਿ ਤਵੀਆਂ ਤੇ,
ਉਹ ਜਾਬਰ ਨੂੰ ਅਜ਼ਮਾਉਂਦੇ ਨੇ।
ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ,
ਨਹੀਂ ਡਰ ਸ਼ਾਹੀ ਦਰਬਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...।

ਜੋ ਦੀਨ ਦੁਨੀਆਂ ਕੇ ਹੇਤ ਲੜੇ,
ਉਸ ਦੀ ਹੀ ਬੇੜੀ ਤੋੜ ਚੜ੍ਹੇ।
ਜੋ ਰੋਕ ਪਿਆਂ ਤੋਂ ਰੁਕ ਜਾਵਣ,
ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ।
ਤਪਦੇ ਥਲ ਵਿਚ ਦੀ ਪੈਂਡਾ ਕਰ,
ਜੇ ਚਾਹੁਨੈਂ ਸਾਥ ਬਹਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...।

ਬੋਲ ਮਿੱਟੀ ਦਿਆ ਬਾਵਿਆ /65