ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਮੋੜ ਦਿਓ ਰੰਗਲਾ ਪੰਜਾਬ
ਢਾਡੀ ਰਛਪਾਲ ਸਿੰਘ ਪਮਾਲ ਦੇ ਨਾਂ

ਸਾਨੂੰ ਮੋੜ ਦਿਓ ਰੰਗਲਾ ਪੰਜਾਬ,
ਅਸੀਂ ਨਹੀਂ ਕੁਝ ਹੋਰ ਮੰਗਦੇ।
ਸਾਨੂੰ ਮੋੜ ਦਿਓ ਖਿੜਿਆ ਗੁਲਾਬ,
ਅਸੀਂ ਨਹੀਂ ਕੁਝ ਹੋਰ ਮੰਗਦੇ।

ਮੋੜ ਦਿਓ ਸਾਡੀਆਂ ਵਿਸਾਖੀਆਂ ਤੇ ਲੋਹੜੀਆਂ।
ਭੈਣਾਂ ਦੇ ਸੁਹਾਗ ਸੋਹਣੇ ਵੀਰਾਂ ਦੀਆਂ ਘੋੜੀਆਂ।
ਮਿੱਠੇ ਗੀਤਾਂ ਵਾਲੀ ਸੁੱਚੜੀ ਕਿਤਾਬ।
ਅਸੀਂ ਨਹੀਂ ਕੁਝ ਹੋਰ ਮੰਗਦੇ।

ਸੁਰਾਂ ਤੋਂ ਬਗੈਰ ਗੀਤ ਚੰਗੇ ਨਹੀਓਂ ਲੱਗਦੇ।
ਬਾਲੇ ਮਰਦਾਨੇ ਬਿਨਾਂ ਰਾਗ ਨਹੀਓਂ ਫੱਬਦੇ।
ਕਿਹੜੇ ਕੰਮ ਆਊ ਸੱਖਣੀ ਰਬਾਬ।
ਅਸੀਂ ਨਹੀਂ ਕੁਝ ਹੋਰ ਮੰਗਦੇ।

ਲੀਰੋ ਲੀਰ ਸਾਲੂ ਤਾਰੋ ਤਾਰ ਫੁਲਕਾਰੀਆਂ।
ਫੇਰੋ ਨਾ ਪੰਜਾਬ ਦੇ ਸਰੀਰ ਉੱਤੇ ਆਰੀਆਂ।
ਸ਼ਾਲਾ! ਮੁੱਕ ਜਾਵੇ ਚੰਦਰਾ ਖ਼ਵਾਬ।
ਅਸੀਂ ਨਹੀਂ ਕੁਝ ਹੋਰ ਮੰਗਦੇ।

ਫਾਂਸੀ ਚੜ੍ਹੇ ਭਗਤ ਸਰਾਭਿਆਂ ਦੀ ਸਹੁੰ ਹੈ।
ਗਦਰੀ ਸ਼ਹੀਦਾਂ ਯੋਧੇ ਬਾਬਿਆਂ ਦੀ ਸਹੁੰ ਹੈ।
ਮਾਝਾ ਮਾਲਵਾ ਤੇ ਜਾਗ ਪਏ ਦੋਆਬ।
ਅਸੀਂ ਨਹੀਂ ਕੁਝ ਹੋਰ ਮੰਗਦੇ।

ਬੋਲ ਮਿੱਟੀ ਦਿਆ ਬਾਵਿਆ /67