ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਜਿੰਦੇ ਮੇਰੀਏ
ਡਾ. ਸੁਖਨੈਨ ਦੇ ਨਾਂ

ਰਾਤਾਂ ਕਾਲੀਆਂ ਹਨੇਰਾ ਚਾਰੇ ਪਾਸੇ,
ਕਿਤੇ ਵੀ ਨਾ ਤਾਰਾ ਲਿਸ਼ਕੇ,
ਨੀ ਜਿੰਦੇ ਮੇਰੀਏ।

ਰੁੱਖਾਂ ਵਾਲਿਓ ਸੰਭਾਲੋ ਛਾਵਾਂ,
ਆਰੀ ਵਾਲੇ ਫੇਰ ਆ ਗਏ।

ਪੱਗਾਂ ਬੱਧੀਆਂ ਨੂੰ ਨਜ਼ਰਾਂ ਲੱਗੀਆਂ,
ਚੰਗੇ ਭਲੇ ਵੱਸਦੇ ਸੀ।

ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ,
ਜਿਸ ਥਾਂ ਕਲੇਸ਼ ਵੱਸਦਾ।

ਅੱਗ ਲੱਗ ਜੇ ਸ਼ੈਤਾਨਾਂ ਵਾਲੀ ਸੋਚ ਨੂੰ,
ਵੀਰਾਂ ਨਾਲੋਂ ਵੀਰ ਨਿੱਖੜੇ।

ਰਹਿਣਾ ਕੱਖ ਨਹੀਂ ਚੰਦਰਿਆ ਤੇਰਾ,
ਵੱਸਦਾ ਪੰਜਾਬ ਰੋਲਿਆ।

ਕਿਹੜਾ ਕਰੇਗਾ ਘਰਾਂ ਦੀ ਰਾਖੀ,
ਚੋਰ ਕੁੱਤੀ ਦੋਵੇਂ ਰਲ ਗਏ।

ਕੇਹੇ ਉੱਤਰੇ ਪਹਾੜਾਂ ਜੋਗੀ,
ਡਾਂਗ ਨਾਲ ਖ਼ੈਰ ਮੰਗਦੇ।

ਰਾਤਾਂ ਕਾਲੀਆਂ ਜਗਾਉ ਦੀਵੇ,
ਸਾਰੇ ਜਾਣੇ ਆਪਣੇ ਘਰੀਂ।

ਬੋਲ ਮਿੱਟੀ ਦਿਆ ਬਾਵਿਆ /72