ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਸੁਪਨ ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ।
ਰੋਜ਼ ਰਾਤ ਨੂੰ ਸੁਣਦਾ ਨ੍ਹੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ।

ਰੰਗ ਬਰੰਗੀਆਂ ਪਕੜ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ,
ਸ਼ੌਕ ਅਵੱਲਾ ਇਹ ਤੇਰਾ ਹੁਣ ਹੋ ਚੱਲਿਆ ਹੈ ਆਮ ਜਿਹਾ।

ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ,
ਇਨ੍ਹਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ।

ਅਦਲ ਸਮੇਂ ਦਾ ਦੇਖੋ ਯਾਰੋ ਕਿੱਥੋਂ ਕਿੱਥੇ ਜਾ ਪਹੁੰਚਾ,
ਪਾਗਲ ਕਹਿਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ।

ਨ੍ਹੇਰ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ,
ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਲਾਲ ਸਲਾਮ ਜਿਹਾ।

ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ,
ਸੁਬ੍ਹਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਸੀ ਜੋ ਸ਼ਾਮ ਜਿਹਾ।

ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ 'ਚੋਂ ਜਾਗਣਗੇ,
ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ।

ਬੋਲ ਮਿੱਟੀ ਦਿਆ ਬਾਵਿਆ /79